Balbir Sidhu handed appointment letters: ਚੰਡੀਗੜ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ 68 ਨਵ-ਨਿਯੁਕਤ ਅਤੇ ਵੱਖ ਵੱਖ ਸ੍ਰੇਣੀਆਂ ਨਾਲ ਸਬੰਧਤ ਪਦ-ਉੱਨਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 17 ਉਮੀਦਵਾਰਾਂ ਨੂੰ ਤਰਸ ਦੇ ਅਧਾਰ ’ਤੇ ਰੈਗੂਲਰ ਨੌਕਰੀ ਦਿੱਤੀ ਗਈ ਹੈ। ਇਹਨਾਂ ਵਿੱਚ 1 ਫਾਰਮੇਸੀ ਅਫਸਰ, 8 ਕਲਰਕ, 8 ਦਰਜਾ- 4 ਕਰਮਚਾਰੀ ਸ਼ਾਮਲ ਹਨ। ਇਸਦੇ ਨਾਲ ਹੀ 51 ਦਰਜਾ -4 ਕਰਮਚਾਰੀਆਂ ਨੂੰ ਕਲਰਕ ਵਜੋਂ ਤਰੱਕੀ ਦਿੱਤੀ ਗਈ ਹੈ।
ਇਸ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਕਰਕੇ ਘੱਟ ਸਹੂਲਤਾਂ ਪ੍ਰਾਪਤ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ। ਉਨਾਂ ਨਵੇਂ ਨਿਯੁਕਤ ਕੀਤੇ ਅਤੇ ਤਰੱਕੀਆਂ ਪ੍ਰਾਪਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਨੂੰ ਚੰਗੀ ਕਾਰਗੁਜ਼ਾਰੀ ਦੇ ਨਾਲ ਸਿਹਤ ਵਿਭਾਗ ਨੂੰ ਅੱਗੇ ਤੋਰਨਾ ਚਾਹੀਦਾ ਹੈ ਤਾਂ ਜੋ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਪ੍ਰੀਕਿ੍ਰਆ ਵਿਚ ਹੋਰ ਸੁਧਾਰ ਲਿਆਂਦਾ ਜਾ ਸਕੇ। ਉਨਾਂ ਕਿਹਾ ਕਿ ਕਿਸੇ ਵੀ ਵਿਭਾਗ ਦੀ ਤਰੱਕੀ ਅਤੇ ਸਫਲਤਾ ਕਰਮਚਾਰੀਆਂ ਦੀ ਸਖ਼ਤ ਮਿਹਨਤ ਅਤੇ ਇਮਾਨਦਾਰੀ ‘ਤੇ ਕਾਫ਼ੀ ਹੱਦ ਤੱਕ ਨਿਰਭਰ ਕਰਦੀ ਹੈ। ਇਸ ਲਈ ਸਾਰੇ ਕਰਮਚਾਰੀਆਂ ਨੂੰ ਖ਼ਾਸਕਰ ਨਵੇਂ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਨਿਭਾਉਣ ਲਈ ਸੁਹਿਰਦਤਾ ਨਾਲ ਮਿਹਨਤ ਕਰਨੀ ਚਾਹੀਦੀ ਹੈ। ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਾਰੇ ਕਰਮਚਾਰੀਆਂ ਦੀ ਭਲਾਈ ਲਈ ਪੂਰੀ ਤਰਾਂ ਵਚਨਬੱਧ ਹੈ।
ਨਵੇਂ ਨਿਯੁਕਤ ਕੀਤੇ ਉਮੀਦਵਾਰਾਂ ਨਾਲ ਗੱਲਬਾਤ ਕਰਦਿਆਂ ਹੈਲਥ ਸਰਵਿਸਿਜ਼ (ਡੀਐਚਐਸ) ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਨੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਹੂਲਤਾਂ ਨੂੰ ਘਰ ਘਰ ਪਹੁੰਚਾਉਣ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰਨ। ਉਨਾਂ ਕਿਹਾ ਕਿ ਤੁਸੀਂ ਸਾਰੇ ਵਿਭਾਗ ਦਾ ਚਿਹਰਾ ਹੋ ਅਤੇ ਲੋਕਾਂ ਦੀ ਸੇਵਾ ਵਿਚ ਤੁਹਾਨੂੰ ਵਧੀਆ ਤੋਂ ਵਧੀਆ ਉਪਰਾਲੇ ਕਰਨ ਦਾ ਤਹੱਈਆ ਕਰਨਾ ਚਾਹੀਦਾ ਹੈ। ਇਸ ਮੌਕੇ ਸਿਹਤ ਮੰਤਰੀ ਦੇ ਓ.ਐਸ.ਡੀ ਡਾ. ਬਲਵਿੰਦਰ ਸਿੰਘ, ਪਟਿਆਲਾ ਦੇ ਸਿਵਲ ਸਰਜਨ ਡਾ: ਹਰੀਸ਼ ਮਲਹੋਤਰਾ, ਡਿਪਟੀ ਡਾਇਰੈਕਟਰ ਡਾ: ਹਰਵਿੰਦਰ ਸਿੰਘ ਗਿੱਲ, ਮਾਸ ਮੀਡੀਆ ਅਫਸਰ ਗੁਰਮੀਤ ਸਿੰਘ ਰਾਣਾ ਅਤੇ ਹਰਚਰਨ ਸਿੰਘ ਬਰਾੜ, ਸੁਪਰਡੈਂਟ ਵਿਪਨ ਕੁਮਾਰ, ਸਿਹਤ ਇੰਸਪੈਕਟਰ ਭੁਪਿੰਦਰ ਸਿੰਘ ਹਾਜ਼ਰ ਸਨ।