Coronavirus global cases: ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸ਼ਨੀਵਾਰ ਨੂੰ ਦੁਨੀਆ ਭਰ ਦੇ ਕੇਸਾਂ ਦੀ ਕੁੱਲ ਗਿਣਤੀ 5 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ। ਕੋਰੋਨਾ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਵੈਬਸਾਈਟ ਵਰਲਡਮੀਟਰ ਅਨੁਸਾਰ ਐਤਵਾਰ ਸ਼ਾਮ ਨੂੰ ਕੋਰੋਨਾ ਦੀ ਲਾਗ ਦੇ ਮਾਮਲੇ ਵੱਧ ਕੇ 5.03 ਕਰੋੜ ਹੋ ਗਏ ਹਨ।
ਉੱਥੇ ਹੀ ਐਤਵਾਰ ਸ਼ਾਮ ਤੱਕ ਵਿਸ਼ਵ ਭਰ ਵਿੱਚ 12,58,235 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਇੱਥੇ ਰਾਹਤ ਦੀ ਗੱਲ ਇਹ ਹੈ ਕਿ ਵਿਸ਼ਵ ਵਿਆਪੀ ਤੌਰ ‘ਤੇ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ 3.56 ਕਰੋੜ ਹੋ ਗਈ ਹੈ, ਜਦੋਂ ਕਿ ਐਤਵਾਰ ਸ਼ਾਮ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ 13,507,490 ਸੀ । ਵਰਤਮਾਨ ਵਿੱਚ ਮਾਮਲਿਆਂ ਵਿੱਚ ਹੋਏ ਵੱਡੇ ਉਛਾਲ ਨੂੰ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵਿੱਚ ਵੱਡੇ ਪੱਧਰ ‘ਤੇ ਦੇਖਿਆ ਜਾ ਰਿਹਾ ਹੈ, ਜੋ ਲਾਗ ਦੀ ਦੂਜੀ ਅਤੇ ਤੀਜੀ ਲਹਿਰ ਦੀ ਲਪੇਟ ਵਿੱਚ ਹਨ ।
ਇੱਥੇ ਜੇਕਰ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸ਼ਨੀਵਾਰ ਨੂੰ 24 ਘੰਟਿਆਂ ਵਿੱਚ ਲਗਾਤਾਰ ਅੱਠਵੇਂ ਦਿਨ ਇੱਕ ਲੱਖ ਤੋਂ ਵੱਧ ਸੰਕਰਮਣ ਦਾ ਸਾਹਮਣਾ ਕੀਤਾ ਗਿਆ। ਸ਼ਨੀਵਾਰ ਨੂੰ ਬ੍ਰਿਟੇਨ ਵਿੱਚ 24,957 ਮਾਮਲੇ ਸਾਹਮਣੇ ਆਏ ਅਤੇ 413 ਸੰਕਰਮਿਤ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ । ਜਦੋਂਕਿ ਫਰਾਂਸ ਵਿੱਚ 86,852 ਨਵੇਂ ਕੇਸ ਸਾਹਮਣੇ ਆਏ ਅਤੇ 304 ਲੋਕਾਂ ਦੀ ਮੌਤ ਹੋ ਗਈ । ਇਸ ਦੇ ਨਾਲ ਫਰਾਂਸ ਵਿੱਚ ਕੁੱਲ ਕੇਸ 17,48,705 ਨੂੰ ਪਾਰ ਕਰ ਗਏ ਹਨ ਅਤੇ ਮੌਤਾਂ ਦੀ ਕੁੱਲ ਸੰਖਿਆ 40,169 ਨੂੰ ਪਾਰ ਕਰ ਗਈ ਹੈ। ਫਰਾਂਸ ਵਿੱਚ ਰਿਪੋਰਟ ਕੀਤੇ ਗਏ 86,852 ਮਾਮਲਿਆਂ ਵਿੱਚ ਕੁਝ ਪੁਰਾਣੇ ਮਾਮਲੇ ਵੀ ਹਨ, ਜਿਨ੍ਹਾਂ ਦੀ ਗਿਣਤੀ ਨੂੰ ਅਪਡੇਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਟਲੀ ਵਿੱਚ 39,811 ਨਵੇਂ ਮਾਮਲੇ ਪਾਏ ਗਏ ਹਨ ਅਤੇ 425 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਜਰਮਨੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 16,017 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 6,58,505 ਹੋ ਗਈ ਹੈ । ਜਦੋਂ ਕਿ ਰੂਸ ਵਿੱਚ 204,396 ਨਵੇਂ ਕੇਸ ਸਾਹਮਣੇ ਦੇ ਨਾਲ ਹੀ 364 ਨਵੀਂਆਂ ਮੌਤਾਂ ਹੋਈਆਂ ਹਨ।