Delhi Air Quality Index: ਹਵਾ ਪ੍ਰਦੂਸ਼ਣ ਕਾਰਨ ਅਸਮਾਨ ਵਿੱਚ ਸੰਘਣੀ ਧੁੰਦ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਦੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਬਣੀ ਹੋਈ ਹੈ, ਜਦੋਂਕਿ ਬਹੁਤੀਆਂ ਥਾਵਾਂ ’ਤੇ ਵਿਜ਼ੀਬਿਲਿਟੀ ਵੀ ਕਾਫ਼ੀ ਘੱਟ ਗਈ ਹੈ । ਜਾਣਕਾਰੀ ਅਨੁਸਾਰ ਪ੍ਰਦੂਸ਼ਣ ਅਤੇ ਧੁੰਦ ਕਾਰਨ ‘ਜ਼ਹਿਰੀਲੀ’ ਹੋਈ ਹਵਾ ਨੇ ਦਿੱਲੀ-ਐਨਸੀਆਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਇਸ ਹਵਾ ਵਿੱਚ ਸਾਹ ਲੈਣਾ ਵੀ ਹੁਣ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ।
ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੰਗਲਵਾਰ ਨੂੰ ਛਾਈ ਸੰਘਣੀ ਧੁੰਦ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਵਿਜ਼ੀਬਿਲਟੀ ਵਿੱਚ ਕਾਫ਼ੀ ਕਮੀ ਦੇਖਣ ਨੂੰ ਮਿਲੀ ਹੈ । ਨਾਲ ਹੀ, ਵਾਯੂਮੰਡਲ ਵਿੱਚ ਪ੍ਰਦੂਸ਼ਣ ਵਧਣ ਕਾਰਨ ਬਜ਼ੁਰਗ ਅਤੇ ਦਮਾ ਦੇ ਮਰੀਜ਼ਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੂੰ ਵੀ ਧੁੱਪ ਅਤੇ ਪ੍ਰਦੂਸ਼ਣ ਦੇ ਕਾਰਨ ਭਾਰੀ ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਮੰਗਲਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) ਆਈਟੀਓ ਵਿੱਚ 469, ਨਰੇਲਾ ਵਿੱਚ 489, ਹਰਿਆਣਾ ਦੇ ਗੁਰੂਗ੍ਰਾਮ ਸੈਕਟਰ 51 ਵਿੱਚ 497 ਅਤੇ ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 62 ਵਿੱਚ 480 ਦਰਜ ਕੀਤੇ ਗਏ, ਇਹ ਸਭ ‘ਗੰਭੀਰ ਸ਼੍ਰੇਣੀ’ ਵਿੱਚ ਹਨ।
ਦੱਸ ਦੇਈਏ ਕਿ 0 ਅਤੇ 50 ਦੇ ਵਿਚਕਾਰ AQI ‘ਚੰਗਾ’, 51 ਅਤੇ 100 ਦੇ ਵਿਚਕਾਰ ‘ਤਸੱਲੀਬਖਸ਼’ ਹੈ, 101 ਅਤੇ 200 ‘ਮੱਧਮ’, 201 ਅਤੇ 300 ‘ਮਾੜੇ’, 301 ਅਤੇ 400 ‘ਬਹੁਤ ਮਾੜੇ’ ਅਤੇ 401 ਅਤੇ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ ਹਵਾ ਦੀ ਗੁਣਵੱਤਾ ਦੀ ਗੰਭੀਰ ਸ਼੍ਰੇਣੀ ਲੋਕਾਂ ਦੀ ਸਿਹਤ ਨੂੰ ਪ੍ਰਭਾਵਤ ਕਰਦੀ ਹੈ ਅਤੇ ਮੌਜੂਦਾ ਬਿਮਾਰੀਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਇਹ ਵੀ ਦੇਖੋ: ਠੰਡ ਦੇ ਮੌਸਮ ਦੀ ਪਹਿਲੀ ਧੁੰਦ ਦੇਖ ਖੁਸ਼ ਹੋਏ ਲੋਕ, ਦਿਸੰਬਰ ਵਰਗਾ ਮਾਹੌਲ ਬਣਿਆ ਨਵੰਬਰ ‘ਚ…