Central and state : ਚੰਡੀਗੜ੍ਹ : ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਦਲਜੀਤ ਚੀਮਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਕੇਂਦਰ ਤੇ ਸੂਬਾ ਸਰਕਾਰ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ। ਕੇਂਦਰ ਨੇ ਅੜੀਅਲ ਵਤੀਰਾ ਅਪਣਾਇਆ ਹੋਇਆ ਜਿਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ। ਪਹਿਲਾਂ ਕਾਂਗਰਸ ਸਰਕਾਰ ਕਿਸੇ ਨਾ ਕਿਸੇ ਕਾਰਨ ਇਨ੍ਹਾਂ ਕੇਂਦਰੀ ਕਾਨੂੰਨਾਂ ਦੇ ਪੱਖ ‘ਚ ਰਹੀ ਜਿਸ ਕਾਰਨ ਕਿਸਾਨ ਅੰਦੋਲਨ ਹੋਇਆ ਤੇ ਇਸ ਦਾ ਬੁਰਾ ਪ੍ਰਭਾਵ ਪੰਜਾਬ ‘ਤੇ ਪਿਆ। ਅੱਜ ਵਪਾਰੀ ਵੀ ਪ੍ਰੇਸ਼ਾਨ ਹਨ ਤੇ ਦੋਵੇਂ ਸਰਕਾਰਾਂ ਇਸ ਲਈ ਜ਼ਿੰਮੇਵਾਰ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਵਾਲੀ ਤੋਂ ਬਾਅਦ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਜਾ ਕੇ ਛੋਟੇ ਤੇ ਵੱਡੇ ਵਪਾਰੀਆਂ ਨੂੰ ਮਿਲਣਗੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਹੀ ਅੱਗੇ ਦੀ ਰਣਨੀਤੀ ਬਣਾਉਣਗੇ। 26 ਤੇ 27 ਨਵੰਬਰ ਨੂੰ ਕਿਸਾਨ ਦਿੱਲੀ ਜਾ ਰਹੀ ਹੈ। ਇਹ ਪ੍ਰੋਗਰਾਮ ਕਿਸਾਨਾਂ ਦੇ ਹਿੱਤ ‘ਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਪੂਰਾ ਸਮਰਥਨ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਵੀ ਕੇਸ ਦੀ ਸੀ. ਬੀ. ਆਈ. ਜਾਂਚ ਨਹੀਂ ਕੀਤੀ ਜਾਵੇਗੀ। ਇਸ ‘ਤੇ ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬ ‘ਚ ਸ਼ਰਾਬ, ਰੇਤ ਤੇ ਨਾਜਾਇਜ਼ ਫੈਕਟਰੀਆਂ ਤੇ ਰਾਸ਼ਨ ਵਰਗੇ ਵੱਡੇ-ਵੱਡੇ ਸਕੈਂਡਲ ਚੱਲ ਰਹੇ ਹਨ ਤਾਂ ਅਜਿਹੇ ‘ਚ ਸਰਕਾਰ ਨੂੰ ਡਰ ਹੈ ਕਿ ਉਨ੍ਹਾਂ ਦਾ ਪਰਦਾਫਾਸ਼ ਹੋ ਜਾਵੇਗਾ, ਇਸ ਲਈ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਸ੍ਰੀ ਆਨੰਦਪੁਰ ਸਾਹਿਬ ਵਿਖੇ 100 ਸਾਲਾ ਸਮਾਗਮ ਨੂੰ ਲੈ ਕੇ ਅਕਾਲੀ ਦਲ ਨੇ ਕਿਹਾ ਕਿ ਉਥੇ 3 ਦਿਨਾਂ ਯਾਦਗਾਰੀ ਸਮਾਗਮ ਕੀਤਾ ਜਾਵੇਗਾ ਜਿਥੇ ਸਾਰੇ ਨੇਤਾ ਮੌਜੂਦ ਹੋਣਗੇ ਤੇ ਨੌਜਵਾਨਾਂ ਨੂੰ ਵੀ ਦੱਸਿਆ ਜਾਵੇਗਾ ਕਿ ਅਕਾਲੀ ਦਲ ਨੇ ਕਿਸ ਤਰ੍ਹਾਂ ਮੋਰਚੇ ਲਗਾਏ ਤੇ ਇਹ ਸਮਾਗਮ ਪੂਰਾ ਸਾਲ ਚੱਲੇਗਾ। ਸਾਰੇ ਖੇਤਰੀ ਦਲ ਇਕੋ ਮੰਚ ‘ਤੇ ਇਕੱਠੇ ਹੋਣਗੇ ਤੇ ਇਸ ਦੀ ਜ਼ਿੰਮੇਵਾਰੀ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪੀ ਗਈ ਹੈ ਜੋ ਕਿ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਨ।