Girl made TikTok video in Golden Temple : ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਵੀਡੀਓ ਬਣਾ ਕੇ ਪਾਉਣ ਵਾਲੀ ਦਿੱਲੀ ਦੀ ਕੁੜੀ ਨੇ ਅੱਜ ਸ੍ਰੀ ਅਕਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ’ਤੇ ਪੱਤਰ ਦੇ ਕੇ ਮੁਆਫੀ ਮੰਗ ਲਈ ਹੈ, ਜਿਸ ਦੇ ਨਾਲ ਹੀ ਲੜਕੀ ਸੰਬੰਧੀ ਦਰਜ ਕਰਵਾਇਆ ਗਿਆ ਪਰਚਾ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਦੱਸਦਿਆਂ ਲੜਕੀ ਅਕਾਂਕਸ਼ਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਗਲਤੀ ਨਾਲ ਵੀਡੀਓ ਬਣਾ ਕੇ ਟਿਕ-ਟੌਕ ’ਤੇ ਅਪਲੋਡ ਕਰ ਦਿੱਤੀ ਸੀ ਅਤੇ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਵੀਡੀਓ ਦੇ ਵਿਰੋਧ ’ਤੇ ਉਸ ਨੇ ਵੀਡੀਓ ਡਿਲੀਟ ਕਰ ਦਿੱਤੀ। ਉਸਨੇ ਸਿੱਖ ਜਗਤ ਤੋਂ ਮੁਆਫੀ ਵੀ ਮੰਗੀ। ਅਕਾਂਕਸ਼ਾ ਨੇ ਕਿਹਾ ਕਿ ਉਹ ਇੱਕ ਵਿਦਿਆਰਥਣ ਹੈ ਅਤੇ ਕੇਸ ਦਰਜ ਹੋਣ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਨੂੰ ਮੁਆਫ ਕੀਤਾ ਜਾਵੇ।
ਦੱਸਣਯੋਗ ਹੈ ਕਿ ਜਨਵਰੀ 2020 ਵਿੱਚ ਦਿੱਲੀ ਦੀ ਲੜਕੀ ਅਕਾਂਕਸ਼ਾ ਠਾਕੁਰ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਕੰਪਲੈਕਸ ਦੇ ਅੰਦਰ ਇੱਕ ਟਿਕ-ਟੌਕ ਵੀਡੀਓ ਬਣਾਈ ਸੀ, ਜੋ ਕਿ ਪੰਜਾਬੀ ਗਾਣੇ ਦੇ ਬੈਕਗ੍ਰਾਉਂਡ ਸੰਗੀਤ ਤੇ ਡਾਂਸ ਵੀਡੀਓ ਸੀ। ਇਸ ਦਾ ਸਿੱਖ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਟਿੱਕਟੋਕ ਯੂਜ਼ਰ ਦੁਆਰਾ ਪੋਸਟ ਕੀਤੀ ਗਈ ਵੀਡੀਓ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅੰਬਾਲਾ ਆਧਾਰਤ ਯੂਥ ਖਾਲਸਾ ਵੈੱਲਫੇਅਰ ਸੰਗਠਨ ਨੇ ਵੀ ਉਸ ਵਿਰੁੱਧ ਇੱਕ ਡੀਡੀਆਰ ਫਾਈਲ ਕੀਤੀ ਸੀ। ਡੀਡੀਆਰ ਫਾਈਲ ਹੋਣ ਤੋਂ ਇੱਕ ਦਿਨ ਬਾਅਦ ਅਕਾਂਕਸ਼ਾ ਨੇ ਇੱਕ ਹੋਰ ਵੀਡੀਓ ਪੋਸਟ ਕਰਕੇ ਆਪਣੇ ਵੱਲੋਂ ਵੀਡੀਓ ਅਪਲੋਡ ਕਰਨ ‘ਤੇ ਮੁਆਫੀ ਮੰਗੀ ਸੀ ਤੇ ਹੁਣ ਲਿਖਤੀ ਤੌਰ ‘ਤੇ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਪੱਤਰ ਲਿਖ ਕੇ ਆਪਣੇ ਵੱਲੋਂ ਕੀਤੀ ਗਈ ਉਸ ਗਲਤੀ ਦੀ ਮੁਆਫੀ ਮੰਗੀ ਹੈ ਅਤੇ ਆਪਣੇ ਸੰਬੰਧੀ ਦਾਇਰ ਕੀਤਾ ਮਾਮਲਾ ਵੀ ਰੱਦ ਕਰਨ ਦੀ ਅਪੀਲ ਕੀਤੀ ਹੈ।