Dharamsot should not : ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ ਤੇ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਅਸਤੀਫੇ ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਦਰਕਿਨਾਰ ਕਰਦੇ ਹੋਏ ਧਰਮਸੋਤ ਨੇ ਵੱਡੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਹੁਣ ਲੰਬੀ ਤੋਂ ਚੋਣ ਲੜਨਗੇ। ਜੇਕਰ ਬੰਦੇ ਨੂੰ ਥੋੜ੍ਹੀ ਬਹੁਤ ਸ਼ਰਮ ਹੋਵੇ ਤਾਂ ਉਹ ਘਰੋਂ ਬਾਹਰ ਨਾ ਨਿਕਲੇ ਪਰ ਘਪਲੇ ਕਰਕੇ ਚੈਲੰਜ ਕਰਨੇ ਇਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੇ, ਇਹ ਕਹਿਣਾ ਹੈ ਡਾ. ਦਲਜੀਤ ਸਿੰਘ ਚੀਮਾ ਦਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਹੈਰਾਨਗੀ ਹੈ ਕਿ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਦੇ ਬਾਵਜੂਦ ਉਹ ਹੀਰੋ ਬਣ ਕੇ ਚੋਣਾਂ ‘ਚ ਖੜ੍ਹੇ ਹੋਣ ਲਈ ਤਿਆਰ ਹਨ। ਚੀਮਾ ਨੇ ਕਿਹਾ ਕਿ ਧਰਮਸੋਤ ਸਾਹਿਬ ਨੂੰ ਚੋਣਾਂ ਲੜਨ ਤੋਂ ਪਹਿਲਾਂ ਇਤਿਹਾਸ ‘ਤੇ ਝਾਤੀ ਮਾਰ ਲੈਣੀ ਚਾਹੀਦੀ ਹੈ ਜਿਥੇ ਪਹਿਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਹਾਰੇ ਸਨ ਤੇ ਇਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਸ. ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹਾਰੇ ਸਨ। ਇਸ ਦੇ ਬਾਵਜੂਦ ਜੇਕਰ ਫਿਰ ਵੀ ਧਰਮਸੋਤ ਮੈਦਾਨ ‘ਚ ਉਤਰਨਾ ਚਾਹੁੰਦੇ ਹਨ ਤਾਂ ਹਾਰਨ ਲਈ ਤਿਆਰ ਰਹਿਣ।
ਇਸ ਤੋਂ ਇਲਾਵਾ ਕਿਸਾਨ ਮੁੱਦਿਆਂ ‘ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਮਿਲ ਕੇ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਪੈਦਾ ਹੋਈ ਵੱਡੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵੀ ਮੀਟਿੰਗ ਲਈ ਗਈਆਂ ਸਨ ਪਰ ਮੀਟਿੰਗ ਬੇਨਤੀਜਾ ਰਹੀ ਸੀ ਤੇ ਹੁਣ ਇੱਕ ਵਾਰ ਫਿਰ ਕੇਂਦਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਹੈ ਤੇ ਇਸ ਵਾਰ ਮੰਤਰੀ ਸਾਹਿਬਾਨਾਂ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੀ ਸਮੱਸਿਆ ਗੰਭੀਰਤਾ ਨਾਲ ਨਿਬੇੜਨ। ਰੇਲਗੱਡੀਆਂ ਨੂੰ ਬਹਾਲ ਨਾ ਕੀਤੇ ਜਾਣ ਸਬੰਧੀ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਲੋਕਤੰਤਰ ‘ਚ ਮੰਗਾਂ ਨਾ ਮੰਨੇ ਜਾਣ ‘ਤੇ ਵਿਰੋਧ ਤਾਂ ਪਹਿਲਾਂ ਹੀ ਹੁੰਦੇ ਰਹੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਕਿ ਸਰਕਾਰ ਵੱਲੋਂ ਅੜੀਅਲ ਵਤੀਰਾ ਅਪਣਾਇਆ ਜਾ ਰਿਹਾ ਹੈ। ਇਸ ‘ਤੇ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਆਰਥਿਕ ਨੁਕਸਾਨ ਲਈ ਸੂਬਾ ਤੇ ਕੇਂਦਰ ਸਰਕਾਰ ਦੋਵੇਂ ਹੀ ਜ਼ਿੰਮੇਵਾਰ ਹਨ।
ਇਸ ਤੋਂ ਇਲਾਵਾ ਪੰਜਾਬ ‘ਚ ਨੌਜਵਾਨਾਂ ਕੋਲੋਂ ਅਸਲੇ ਦੀ ਬਰਾਮਦਗੀ ‘ਤੇ ਵੀ ਦਲਜੀਤ ਚੀਮਾ ਨੇ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਸੂਬੇ ‘ਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਸੂਬੇ ‘ਚ ਲੁੱਟਾਂ-ਖੋਹਾਂ, ਕਤਲ, ਗੈਂਗਵਾਰ ਦੀਆਂ ਵਾਰਦਾਤਾਂ ਦਿਨੋ-ਦਿਨ ਵਧ ਰਹੀਆਂ ਹਨ ਜਿਸ ਕਰਕੇ ਆਮ ਲੋਕ, ਵਪਾਰੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਡਾ. ਚੀਮਾ ਦਾ ਕਹਿਣਾ ਹੈ ਕਿ ਮਾਈਨਿੰਗ ਘਪਲੇ ‘ਚ ਸ਼ਾਮਲ ਸਾਰੇ ਲੋਕਾਂ ਦੇ ਨਾਂ ਜਨਤਕ ਹੋਣੇ ਚਾਹੀਦੇ ਹਨ। ਗੁੰਡਾ ਟੈਕਸ ਬਾਰੇ ਜਾਂਚ ਇਕੱਲੇ ਰੋਪੜ ‘ਚ ਨਹੀਂ ਸਗੋਂ ਪੂਰੇ ਸੂਬੇ ‘ਚ ਕਰਵਾਈ ਜਾਣੀ ਚਾਹੀਦੀ ਹੈ ਤੇ ਕਿਉਂਕਿ ਇਸ ਦੀਆਂ ਜੜ੍ਹਾਂ ਪੂਰੇ ਸੂਬੇ ‘ਚ ਫੈਲੀਆਂ ਹੋਈਆਂ ਹਨ। SGPC ਦਾ ਸਥਾਪਨਾ ਦਿਵਸ ਬਾਰੇ ਵੀ ਡਾ. ਦਲਜੀਤ ਚੀਮਾ ਨੇ ਵੀ ਗੱਲਬਾਤ ਕੀਤੀ। 12, 13 ਤੇ 14 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਤੇ ਸਮੁੱਚੀ ਲੀਡਰਸ਼ਿਪ ਦੀ ਸ਼ਮੂਲੀਅਤ ਹੋਵੇਗੀ, ਸਾਰੇ ਡੈਲੀਗੇਟਾਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ ਜੋ ਤਿੰਨ ਦਿਨ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੁਕਣਗੇ।