Sunny Deol urges : ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਵੱਲੋਂ ਗੱਲਬਾਤ ਦੇ ਭੇਜੇ ਗਏ ਸੱਦੇ ਨੂੰ ਸਵੀਕਾਰ ਕਰ ਲੈਣ। ਇਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਲਈ ਲਿਖਿਤ ‘ਚ ਸੱਦਾ ਭੇਜਿਆ ਗਿਆ ਹੈ। ਸੰਨੀ ਦਿਓਲ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨਾਂ ਨੂੰ ਸੱਦੇ ਨੂੰ ਕਬੂਲ ਲੈਣਾ ਚਾਹੀਦਾ ਹੈ ਕਿਉਂਕਿ ਸਮੱਸਿਆਵਾਂ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤ ਚਿੰਕ ਹਨ। ਪੰਜਾਬ ਭਾਜਪਾ ਦੀਆਂ ਕੋਸ਼ਿਸ਼ਾਂ ਨਾਲ ਕੇਂਦਰੀ ਮੰਤਰੀਆਂ ਤੇ ਕਿਸਾਨ ਸੰਗਠਨਾਂ ਵਿਚਕਾਰ ਬੈਠਕ 13 ਨਵੰਬਰ ਨੂੰ ਹੋਣ ਜਾ ਰਹੀ ਹੈ। ਖੇਤੀ ਮੰਤਰਾਲੇ ਵੱਲੋਂ ਕਿਸਾਨਾਂ ਨੂੰ ਸੱਦਾ ਭੇਜ ਦਿੱਤਾ ਗਿਆ ਹੈ।
ਸੰਨੀ ਦਿਓਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਪੰਜਾਬ ‘ਚ ਲਗਭਗ 50 ਦਿਨਾਂ ਤੋਂ ਅੰਦੋਲਨ ਚੱਲ ਰਿਹ ਹੈ ਤੇ ਰੇਲ ਰੋਕੋ ਨਾਲ ਕਈ ਥਾਵਾਂ ‘ਤੇ ਸੜਕ ਆਵਾਜਾਈ ਨੂੰ ਰੋਕਿਆ ਜਾ ਰਿਹਾ ਹੈ। ਇਸ ਦਾ ਬੁਰਾ ਪ੍ਰਭਾਵ ਸੂਬੇ ਦੇ ਵਪਾਰ, ਕਾਰੋਬਾਰ, ਕਿਸਾਨ ਤੇ ਸਰਕਾਰ ਦੀ ਆਮਦਨ ‘ਤੇ ਪੈ ਰਿਹਾ ਹੈ। ਸੂਬੇ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਹਿਲ ਗਈ ਹੈ। ਵਪਾਰ, ਕਾਰੋਬਾਰ, ਉਦਯੋਗ ਦੇ ਨਾਲ-ਨਾਲ ਐਕਸਪੋਰਟ ਦਾ ਕਾਰੋਬਾਰ ਵੀ ਖਤਮ ਹੋਣ ਦੇ ਕਿਨਾਰੇ ‘ਤੇ ਹੈ। ਵੂਲੇਨ ਇੰਡਸਟਰੀ, ਸਪੋਰਟਸ ਇੰਡਸਟਰੀ, ਆਟੋ ਪਾਰਟਸ ਇੰਡਸਟਰੀ, ਸਾਈਕਲ ਇੰਡਸਟਰੀ, ਟੈਕਸਟਾਈਲ ਇੰਡਸਟਰੀ ਤੇ ਲੋਹਾ ਇਸਪਾਤ ਉਦਯੋਗ ਆਦਿ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਕੱਚਾ ਮਾਲ ਨਹੀਂ ਆ ਰਿਹਾ ਤੇ ਕਰੋੜਾਂ ਦਾ ਤਿਆਰ ਮਾਲ ਫੈਕਟਰੀਆਂ ‘ਚ ਪਿਆ ਹੈ।
ਕੋਰੋਨਾ ਦੀ ਮਾਰ ਝੱਲ ਰਹੇ ਪੰਜਾਬ ਭਰ ਦੇ ਛੋਟੇ ਦੁਕਾਨਦਾਰ, ਵਪਾਰੀ, ਰੇਹੜੀ ਫੜੀ ਆਦਿ ਨੂੰ ਦੀਵਾਲੀ, ਕਰਵਾਚੌਥ ਤੇ ਗੁਰਪੁਰਬ ਆਦਿ ਤਿਓਹਾਰਾਂ ਦੇ ਸੀਜਨ ‘ਚ ਉਭਰਨ ਦੀ ਉਮੀਦ ਸੀ ਪਰ ਉਹ ਵੀ ਰੇਲ ਰੋਕੋ ਅੰਦੋਲਨ ਦੇ ਕਾਰਨ ਟੁੱਟ ਗਈ. ਖੁਦ ਕਿਸਾਨ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਕਿਉਂਕਿ ਕਣਕ ਦੇ ਨਾਲ ਆਲੂ, ਪਿਆਜ ਤੇ ਲੱਸਣ ਦੀ ਬੀਜਾਈ ਲਈ ਜ਼ਰੂਰੀ ਯੂਰੀਆ ਅਤੇ ਡੀ. ਏ. ਵੀ. ਵੀ ਨਹੀਂ ਆ ਰਿਹਾ। ਕਣਕ ਦੀ ਅਗੇਤੀ ਬੀਜਾਈ 15 ਨਵੰਬਰ ਤੱਕ ਹੋਣੀ ਹੈ। ਇਸ ਤੋਂ ਲੇਟ ਹੋਈ ਤਾਂ ਕਣਕ ਦੀ ਪ੍ਰਤੀ ਏਕੜ ਪੈਦਾਵਾਰ 2 ਤੋਂ 4 ਕੁਇੰਟਲ ਘੱਟ ਹੋ ਜਾਵੇਗੀ। ਕੁਝ ਦਿਨਾਂ ‘ਚ ਧੁੰਦ ਵੀ ਪੈਣੀ ਸ਼ੁਰੂ ਹੋ ਜਾਵੇਗੀ ਤਾਂ ਆਲੂ, ਪਿਆਜ ਤੇ ਲੱਸਣ ਨੂੰ ਵੀ ਕਿਸਾਨ ਨਹੀਂ ਬੀਜ ਸਕੇਗਾ। ਪੰਜਾਬ ‘ਚ 1000 ਤੋਂ ਵੱਧ ਕੈਟਲ ਫੀਡ ਤੇ ਪੋਲਟਰੀ ਫੀਡ ਦੀਆਂ ਫੈਕਟਰੀਆਂ ਹਨ। ਬਾਜਰਾ, ਮੱਕੇ ਦਾ ਦਾਣਾ, ਸੋਇਆਬੀਨ ਤੇ ਬਿਨੌਲਾ ਹੁਣ ਟਰੱਕਾਂ ਜ਼ਰੀਏ ਆ ਰਿਹਾ ਹੈ ਜੋ ਕਿ ਕਿਸਾਨਾਂ ਨੂੰ ਮਹਿੰਗਾ ਮਿਲ ਰਿਹਾ ਹੈ।