Vicious thieves break : ਅੰਮ੍ਰਿਤਸਰ ਵਿਖੇ ਬੀਤੀ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ 100 ਫੁੱਟੀ ਰੋਡ ‘ਤੇ ਚੋਰ ਕਰਿਆਨੇ ਅਤੇ ਡਰਾਈਫਰੂਟ ਦੀ ਦੁਕਾਨ ਦੇ ਤਾਲੇ ਤੋੜ ਕੇ ਗੱਲੇ ‘ਚੋਂ 3 ਲੱਖ ਰੁਪਏ ਚੋਰੀ ਕਰ ਲਏ। ਦੋਸ਼ੀਆਂ ਨੇ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਤਾਂ ਜੋ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਸਕਣ ਪਰ ਅਜਿਹਾ ਕਰਨ ‘ਚ ਉਹ ਕਾਮਯਾਬ ਨਹੀਂ ਹੋ ਸਕੇ। ਕਿਉਂਕਿ ਸੀ. ਸੀ. ਟੀ. ਵੀ. ਕੈਮਰੇ ਤੋੜਨ ਤੋਂ ਪਹਿਲਾਂ ਉਨ੍ਹਾਂ ਦੀ ਫੁਟੇਜ ਕੈਦ ਹੋ ਚੁੱਕੀ ਸੀ। ਇਥੇ ਦੱਸਣਯੋਗ ਖਾਸ ਗੱਲ ਇਹ ਵੀ ਹੈ ਕਿ ਜਿਥੇ ਇਹ ਘਟਨਾ ਵਾਪਰੀ ਉਸ ਥਾਂ ਤੋਂ ਸਿਰਫ 50 ਮੀਟਰ ਦੀ ਦੂਰੀ ‘ਤੇ ਹੀ ਪੁਲਿਸ ਦਾ ਨਾਕਾ ਵੀ ਲੱਗਾ ਹੋਇਆ ਸੀ। ਥਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਨੂੰ ਘਟਨਾ ਵਾਲੀ ਥਾਂ ਤੋਂ ਕਾਫੀ ਅਹਿਮ ਸੁਰਾਗ ਵੀ ਮਿਲੇ ਹਨ। ਸਟੋਰ ਦੀ ਡੀ. ਵੀ. ਆਰ. ਵੀ ਕਬਜ਼ੇ ‘ਚ ਲੈ ਲਈ ਗਈ ਹੈ।
ਦੁਕਾਨ ਦੇ ਮਾਲਕ ਸੁਨੀਲ ਅਗਰਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ 100 ਫੁੱਟੀ ਰੋਡ ‘ਤੇ ਕਰਿਆਨੇ ਦਾ ਸਟੋਰ ਹੈ। ਉਹ ਡਰਾਈਫਰੂਟ ਦਾ ਕੰਮ ਵੀ ਕਰਦਾ ਹੈ। ਦੀਵਾਲੀ ਕਾਰਨ ਉਹ ਦਿਨ ਦੀ ਸੇਲ ਹੁਣ ਰਾਤ ਨੂੰ ਗੱਲੇ ‘ਚ ਹੀ ਰਹਿਣ ਦਿੰਦੇ ਹਨ। ਮੰਗਲਵਾਰ ਤੇ ਬੁੱਧਵਾਰ ਦੀ 3 ਲੱਖ ਰੁਪਏ ਦੀ ਸੇਲ ਉਨ੍ਹਾਂ ਨੇ ਗੱਲੇ ‘ਚ ਹੀ ਰਹਿਣ ਦਿੱਤੀ। ਵੀਰਵਾਰ ਸਵੇਰੇ ਜਦੋਂ ਉਹ ਦੁਕਾਨ ‘ਤੇ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਕਿਸੇ ਚੀਜ਼ ਨਾਲ ਸ਼ਟਰ ਚੁੱਕਿਆ ਹੋਇਆ ਸੀ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਸਟੋਰ ਦੇ ਅੰਦਰ ਵੜੇ ਅਤੇ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਗੱਲੇ ‘ਚੋਂ 3 ਲੱਖ ਰੁਪਏ ਵੀ ਚੋਰੀ ਹੋ ਚੁੱਕੇ ਹਨ। ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੀ. ਸੀ. ਟੀ. ਵੀ. ਕੈਮਰਿਆਂ ‘ਚ ਦੋ ਦੋਸ਼ੀ ਰਾਤ ਦੇ ਸਮੇਂ ਉਨ੍ਹਾਂ ਦੀ ਦੁਕਾਨ ‘ਚ ਘੁੰਮ ਰਹੇ ਹਨ। ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਦੋਸ਼ੀਆਂ ਨੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਲੱਗੇ ਕੈਮਰੇ ਤੋੜ ਦਿੱਤੇ ਸਨ ਪਰ ਉਹ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਏ।