Pilgrims get only : 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ। ਇਸ ਦਿਨ ਬਹੁਤ ਵੱਡੀ ਗਿਣਤੀ ‘ਚ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਵਿਖੇ ਦਰਸ਼ਨ ਲਈ ਪਾਕਿਸਤਾਨ ਜਾਂਦੇ ਹਨ ਪਰ ਇਸ ਵਾਰ ਪਾਕਿ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਉਨ੍ਹਾਂ ਵੱਲੋਂ ਸ਼ਰਧਾਲੂਆਂ ਨੂੰ ਸਿਰਫ 5 ਦਿਨ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ ਜਦੋਂ ਕਿ ਪਹਿਲਾਂ 10 ਦਿਨ ਦਾ ਵੀਜ਼ਾ ਦਿੱਤਾ ਜਾਂਦਾ ਸੀ। ਪਾਕਿਸਤਾਨੀ ਦੂਤਾਵਾਸ ਨੇ ਐੱਸ. ਜੀ. ਪੀ. ਸੀ. ਨੂੰ ਇਨ੍ਹਾਂ ਸ਼ਰਧਾਲੂਆਂ ਦੀ ਸੂਚੀ ਵੀ ਭੇਜ ਦਿੱਤੀ ਹੈ। ਸ਼ਰਧਾਲੂ ਅਟਾਰੀ ਦੇ ਰਸਤੇ 27 ਨਵੰਬਰ ਨੂੰ ਪਾਕਿਸਤਾਨ ਜਾਣਗੇ ਅਤੇ 1 ਦਸੰਬਰ ਨੂੰ ਪਰਤਣਗੇ। ਸ਼ਰਧਾਲੂਆਂ ਦੇ ਮਨ ‘ਚ ਸ੍ਰੀ ਨਨਕਾਣਾ ਸਾਹਿਬ ਜਾਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਪਾਕਿ ਸਰਕਾਰ ਵੱਲੋਂ 508 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਥੇ ਦੀ ਅਗਵਾਈ ਐੱਸ. ਜੀ. ਪੀ. ਸੀ. ਦੇ ਸੀਨੀਅਰ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਕਰਨਗੇ। ਸ਼ਰਧਾਲੂਆਂ ਨੂੰ ਵਿਸ਼ੇਸ਼ ਬੱਸ ਤੋਂ ਸਿੱਧੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚਾਇਆ ਜਾਵੇਗਾ। 28 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਸ਼ੁੱਭ ਆਰੰਭ ਹੋਵੇਗਾ। 30 ਨਵੰਬਰ ਨੂੰ ਗੁਰਦੁਆਰਾ ਸਾਹਿਬ ‘ਚ ਧਾਰਮਿਕ ਦੀਵਾਨ ਸੱਜਣਗੇ ਤੇ 1 ਦਸੰਬਰ ਨੂੰ ਜੱਥਾ ਵਾਹਗਾ ਸਰਹੱਦ ਦੇ ਰਸਤੇ ਵਤਨ ਵਾਪਸੀ ਕਰੇਗਾ। ਪੀ. ਐੱਸ. ਜੀ. ਪੀ. ਸੀ. 30 ਨਵੰਬਰ ਨੂੰ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰੇਗੀ।
ਕੋਰੋਨਾ ਮਹਾਮਾਰੀ ਨੂੰ ਧਿਆਨ ‘ਚ ਰੱਖਦੇ ਹੋਏ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਪੀ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ ਜਿਸ ਦੀ ਰਿਪੋਰਟ ਦੀ ਜਾਂਚ ਵਾਹਗਾ ਸਰਹੱਦ ‘ਤੇ ਕੀਤੀ ਜਾਵੇਗੀ। ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਉਸ ਦੇ ਆਸ-ਪਾਸ ਦੇ ਗੁਰਦੁਆਰੇ ‘ਚ ਹੀ ਜਾਣ ਦੀ ਇਜਾਜ਼ਤ ਹੋਵੇਗੀ। ਪਹਿਲਾਂ ਸ਼ਰਧਾਲੂ ਪ੍ਰਕਾਸ਼ ਪੁਰਬ ਸਮਾਗਮ ‘ਚ ਹਿੱਸਾ ਲੈਣ ਤੋਂ ਬਾਅਦ ਲਾਹੌਰ ਜਾਂਦੇ ਸਨ ਅਤੇ ਉਥੋਂ ਖਰੀਦਦਾਰੀ ਕਰਕੇ ਵਾਪਸ ਪਰਤਦੇ ਸਨ ਪਰ ਇਸ ਵਾਰ ਸੰਗਤਾਂ ‘ਤੇ ਕਾਫੀ ਬੰਦਿਸ਼ਾਂ ਰਹਿਣਗੀਆਂ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ।