Big revelations made by gangster : ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਵਾ ਜੋ ਕਿ ਸੋਪੂ ਨੇਤਾ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਪੁਲਿਸ ਰਿਮਾਂਡ ’ਤੇ ਚੱਲ ਰਿਹਾ ਸੀ, ਨੇ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਪੁੱਛਗਿੱਛ ਵਿੱਚ ਦਿਲਪ੍ਰੀਤ ਸਿੰਘ ਨੇ ਗੁਰਲਾਲ ਬਰਾੜ ਦਾ ਕਤਲ ਕਰਨ ਵਾਲੇ ਸ਼ੂਟਰ ਪੰਜਾਬ ਦੇ ਜੈਤੋਂ ਦੇ ਰਹਿਣ ਵਾਲੇ ਨੀਰਜ ਗੁਪਤਾ ਉਰਫ ਚਸਕਾ ਅਤੇ ਅਜੈ ਉਰਫ ਮਾਨ ਦੇ ਨਾਂ ਉਗਲੇ ਹਨ। ਪੁਲਿਸ ਦੋਵਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਦਿਲਪ੍ਰੀਤ ਨੇ ਪੁੱਛਗਿੱਛ ਵਿੱਚ ਕਿਹਾ ਕਿ ਗੁਰਲਾਲ ਬਰਾੜ ਨੂੰ ਲਵੀ ਦਿਓੜਾ ਦੇ ਕਤਲ ਦਾ ਬਦਲਾ ਲੈਣ ਲਈ ਮਾਰਿਆ ਗਿਆ ਸੀ।
ਉਥੇ ਹੀ ਦਿਲਪ੍ਰੀਤ ਸਿੰਘ ਨਿਸ਼ਾਨਦੇਹੀ ‘ਤੇ ਪੁਲਿਸ ਨੇ ਤਿੰਨ ਪਿਸਤੌਲ ਅਤੇ ਇੱਕ ਤਮੰਚਾ ਬਰਾਮਦ ਕੀਤਾ ਹੈ। ਇਹ ਹਥਿਆਰ ਦਿਲਪ੍ਰੀਤ ਸਿੰਘ ਦੇ ਬਾਸ਼ਿੰਦਿਆਂ ਨੂੰ ਮੁਹਾਲੀ, ਪੰਚਕੂਲਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਣੇ ਹੋਰ ਸੂਬਿਆਂ ਦੇ ਵਪਾਰੀਆਂ ਤੋਂ ਜਬਰੀ ਵਸੂਲੀ ਲਈ ਦਿੱਤੇ ਜਾਣੇ ਸਨ।
ਛੇ ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਦਿਲਪ੍ਰੀਤ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਊਂਸਰ ਸੁਰਜੀਤ ਕਤਲ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਪੁੱਛਗਿੱਛ ਵਿੱਚ ਦੋਵਾਂ ਸ਼ੂਚਰਾਂ ਦਾ ਨਾਮ ਵੀ ਲਿਆ ਸੀ। ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਦਵਿੰਦਰ ਬੰਬੀਹਾ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਗੈਂਗ ਨੂੰ ਸੁਖਪ੍ਰੀਤ ਬੁੱਢਾ ਚਲਾ ਰਿਹਾ ਹੈ। ਦੱਸਣਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਬਾਬਾ ‘ਤੇ ਕਈ ਮਾਮਲੇ ਦਰਜ ਹਨ। ਉਥੇ ਹੀ ਇੰਡਸਟ੍ਰੀਅਲ ਏਰੀਆ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੋਪੂ ਨੇਤਾ ਗੁਰਲਾਲ ਬਰਾੜ ਹੱਤਿਆਕਾਂਡ ’ਚ ਦਿਲਪ੍ਰੀਤ ਦਾ ਦੂਸਰੀ ਵਾਰ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ। ਜਦਕਿ ਜਨਵਰੀ 2020 ’ਚ ਸੈਕਟਰ 38 ਦੇ ਚੌਕ ’ਤੇ ਬਾਊਂਸਰ ਸੁਜੀਤ ਦੀ ਹੱਤਿਆ ਦੇ ਮਾਮਲੇ ’ਚ ਸੁਖਜੀਤ ਦਾ ਪ੍ਰੋਡਕਸ਼ਨ ਵਾਰੈਂਟ ਹਾਸਿਲ ਕਰ ਕੇ ਪੁਲਿਸ ਨੂੰ ਇਕ ਦਿਨ ਦਾ ਰਿਮਾਂਡ ਮਿਲਿਆ ਸੀ। ਦੱਸ ਦੇਈਏ ਕਿ ਛੇ ਨਵੰਬਰ ਨੂੰ ਦਿਲਪ੍ਰੀਤ ਅਤੇ 11 ਨਵੰਬਰ ਨੂੰ ਸੁਖਜੀਤ ਨੂੰ ਪ੍ਰੋਡਕਸ਼ਨ ਵਾਰੈਂਟ ’ਤੇ ਲਾਇਆ ਗਿਆ ਸੀ।