Biogas plant to : ਜਲੰਧਰ : ਨਗਰ ਨਿਗਮ ਨੇ ਗੋਬਰ ਤੋਂ ਬਿਜਲੀ ਤਿਆਰ ਕਰਨ ਵਾਲੇ ਬਾਇਓਗੈਸ ਪਲਾਂਟ ਦੀ ਸਥਾਪਨਾ ਲਈ 15 ਦਿਨ ‘ਚ ਰਿਪੋਰਟ ਮੰਗੀ ਹੈ। ਜਮਸ਼ੇਰ ਡੇਅਰੀ ਕੰਪਲੈਕਸ ‘ਚ ਇਹ ਪ੍ਰਾਜੈਕਟ ਲਗਾਇਆ ਜਾਵੇਗਾ। ਕੰਪਲੈਕਸ ‘ਚ ਪਲਾਂਟ ਲਈ ਚਾਰਾ ਮੰਡੀ ਦੀ ਢਾਈ ਏਕੜ ਜ਼ਮੀਨ ਪਲਾਂਟ ਲਈ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਗੋਬਰ ਤੋਂ ਬਾਇਓਗੈਸ ਅਤੇ ਬਿਜਲੀ ਤਿਆਰ ਕੀਤੀ ਜਾਵੇਗੀ। ਪ੍ਰਾਜੈਕਟ ਤਹਿਤ ਕਾਂਟ੍ਰੈਕਟ ਕੰਪਨੀ ਇੱਕ ਮੈਗਾਵਾਟ ਦਾ ਪਾਵਰ ਪਲਾਂਟ ਲਗਾਏਗੀ ਜੋ ਬਿਜਲੀ ਪੈਦਾ ਹੋਵੇਗੀ ਉਹ ਡੇਅਰੀ ਮਾਲਕਾਂ ਨੂੰ ਸਸਤੇ ਰੇਟ ‘ਤੇ ਵੀ ਸਪਲਾਈ ਕੀਤੀ ਜਾਵੇਗੀ। ਗੋਬਰ ਨਾਲ ਬਣਨ ਵਾਲੀ ਖਾਦ ਨੂੰ ਐੱਨ. ਐੱਫ. ਐੱਲ. ਨੂੰ ਵੇਚਿਆ ਜਾਵੇਗਾ। ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਇਸ ਪ੍ਰਾਜੈਕਟ ‘ਤੇ ਪੂਰਾ ਖਰਚ ਕੰਪਨੀ ਹੀ ਚੁੱਕੇਗੀ। ਜੋ ਬਿਜਲੀ ਪੈਦਾ ਹੋਵੇਗੀ ਉਹ ਪਾਵਰਕਾਮ ਨੂੰ ਵੇਚੀ ਜਾਵੇਗੀ। ਪਲਾਂਟ ‘ਚ ਬਾਇਓਗੈਸ ਤਿਆਰ ਹੋਵੇਗੀ। ਇਹ ਬਾਇਓਗੈਸ ਆਸ-ਪਾਸ ਦੇ ਇਲਾਕਿਆਂ ‘ਚ ਸਪਲਾਈ ਕੀਤੀ ਜਾਵੇਗੀ।
ਕੰਪਨੀ ਦੇ ਨਿਗਮ ਵਿਚ ਡੇਢ ਲੱਖ ਰੁਪਏ ਦਾ ਸਾਲਾਨਾ ਕਿਰਾਏ ‘ਤੇ 23 ਸਾਲ ਲਈ ਐਗਰੀਮੈਂਟ ਕੀਤਾ ਗਿਆ ਹੈ। ਨਗਰ ਨਿਗਮ ਦੇ ਐੱਸ. ਈ. ਰਜਨੀਸ਼ ਡੋਗਰਾ ਨੇ ਕਿਹਾ ਕਿ ਕੰਪਨੀ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕੇ ਸਮੇਂ ‘ਤੇ ਕੰਮ ਸ਼ੁਰੂ ਕੀਤਾ ਜਾਵੇ। 15 ਦਿਨਾਂ ‘ਚ ਡੀ. ਪੀ. ਆਰ. ਮਿਲਣ ਤੋਂ ਬਾਅਦ ਮਸ਼ੀਨਰੀ ਲਗਾਉਣ ਦਾ ਕੰਮ ਸ਼ੁਰੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਐੱਨ. ਜੀ. ਟੀ. ਨੇ ਗੰਦਾ ਪਾਣੀ ਸਤਲੁਜ ਦਰਿਆ ‘ਚ ਡੇਗਣ ‘ਤੇ ਸਖਤੀ ਕੀਤੀ ਹੋਈ ਹੈ। ਅਜਿਹੇ ‘ਚ ਨਗਰ ਨਿਗਮ ‘ਤੇ ਵੀ ਐੱਨ. ਜੀ. ਟੀ. ਦੀ ਤਲਵਾਰ ਲਟਕ ਰਹੀ ਹੈ। ਇਸ ਦੇ ਬਾਵਜੂਦ ਪਲਾਂਟ ਲਗਾਉਣ ‘ਚ 3 ਸਾਲ ਦਾ ਸਮਾਂ ਲੱਗਸਕਦਾ ਹੈ। ਕੰਪਨੀ ਇੱਕ ਵਾਰ ਕੰਮ ਛੱਡ ਕੇ ਚਲੀ ਗਈ ਸੀ ਪਰ ਦੁਬਾਰਾ ਗੱਲਬਾਤ ਨਾਲ ਮਾਮਲਾ ਸੁਲਝ ਗਿਆ।
ਬਾਇਓਗੈਸ ਪਲਾਂਟ ਲਈ ਜਰਮਨੀ ਤੋਂ ਤਕਨੀਕ ਲਿਆਂਦੀ ਜਾਵੇਗੀ। ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਜਰਮਨੀ ‘ਚ ਐਕਸਪਰਟ ਤੋਂ ਆਨਲਾਈਨ ਗੱਲ ਵੀ ਕਰ ਚੁੱਕੇ ਹਨ। ਇਕ ਹੀ ਸਮੇਂ ‘ਚ ਗੋਬਰ ਤੋਂ ਬਿਜਲੀ, ਗੈਸ ਤੇ ਖਾਦ ਬਣਾਉਣ ਦਾ ਕੰਮ ਹੋਵੇਗਾ। ਇਸ ਨਾਲ ਹੋਣ ਵਾਲੀ ਆਮਦਨ ਤੋਂ ਹੀ ਠੇਕੇਦਾਰ ਦੀ ਲਾਗਤ ਨਿਕਲੇਗੀ। 31 ਦਸੰਬਰ 2020 ਤੋਂ ਪਹਿਲਾਂ ਕੰਮ ਕਰਨਾ ਜ਼ਰੂਰੀ ਹੈ। ਪਲਾਂਟ ਸ਼ੁਰੂ ਹੋਣ ਨਾਲ ਡੇਅਰੀ ਮਾਲਕਾਂ ਨੂੰ ਵੀ ਫਾਇਦਾ ਹੋਵੇਗਾ। ਕੰਪਨੀ ਡੇਅਰੀ ਮਾਲਕਾਂ ਤੋਂ ਗੋਬਰ ਦੀ ਖਰੀਦ ਕਰੇਗੀ। ਡੇਅਰੀ ਕੰਪਲੈਕਸ ‘ਚ 17,000 ਤੋਂ ਵੱਧ ਪਸ਼ੂ ਹਨ। ਡੇਅਰੀ ਮਾਲਕ ਇਸ ਸਮੇਂ ਗੋਬਰ ਨੂੰ ਸੀਵਰੇਜ ‘ਚ ਵਹਾ ਰਹੇ ਹਨ ਜਿਸ ਨਾਲ ਸੀਵਰੇਜ ਸਿਸਟਮ ਬਲਾਕ ਹੋ ਚੁੱਕਾ ਹੈ।