Two mobile phones recovered : ਫਿਰੋਜ਼ਪੁਰ : ਜੇਲ੍ਹ ਵਿੱਚ ਸਭ ਤੋਂ ਵੱਧ ਪਾਬੰਦੀਸ਼ੁਦਾ ਵਸਤੂ ਮੋਬਾਈਲ ਹੈ ਤੇ ਹੁਣ ਫਿਰ ਸਥਾਨਕ ਕੇਂਦਰੀ ਜੇਲ੍ਹ ਵਿੱਚੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇੱਕ ਸਰਚ ਮੁਹਿੰਮ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਬਾਬੀ ਮਲਹੋਤਰਾ ਉਰਫ ਸਾਗਰ ਤੋਂ ਜੇਲ੍ਹ ਦੇ ਸਟਾਫ ਨੇ ਇੱਕ ਟਚ ਸਕ੍ਰੀਨ ਮੋਬਾਈਲ ਫੋਨ ਬਰਾਮਦ ਕੀਤਾ। ਇਸ ਵਿੱਚ ਜੀਓ ਦਾ ਸਿਮ ਕਾਰਡ ਸੀ ਅਤੇ ਗੈਂਗਸਟਰ ਅਤੁਲ ਕੁਮਾਰ ਉਰਫ ਖਤਰੀ ਤੋਂ ਸਿਮ ਕਾਰਡ ਸਣੇ ਨੋਕੀਆ ਦਾ ਮੋਬਾਈਲ ਫੋਨ ਬਰਾਮਦ ਕੀਤਾ। ਇਸ ਸੰਬੰਧੀ ਦੋਹਾਂ ਕੈਦੀਆਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਫਿਰੋਜ਼ਪੁਰ ਦੀ ਜੇਲ੍ਹ ਵਿੱਚੋਂ ਪਹਿਲਾਂ ਵੀ ਕਈ ਵਾਰ ਪਾਬੰਦੀਸ਼ੁਦਾ ਚੀਜ਼ਾਂ ਦੀ ਬਰਾਮਦਗੀ ਹੋਈ ਹੈ, ਜੋਕਿ ਇਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦੀ ਹੈ।
ਸੁਖਵੰਤ ਸਿੰਘ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਦੋਵਾਂ ਕੈਦੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਆਈਓ ਨਿਯੁਕਤ ਕੁਲਦੀਪ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇੱਕ ਸਾਲ ਵਿੱਚ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਜੇਲ੍ਹ ਦੇ ਗੈਂਗਸਟਰ ਕੈਦੀਆਂ ਦੀ ਤਲਾਸ਼ੀ ਮੁਹਿੰਮ ਦੌਰਾਨ ਲਗਭਗ 1500 ਦੇ ਕਰੀਬ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਦੇ ਹਨ। ਚਾਰ ਦੀਵਾਰੀਆਂ ਨਾਲ ਇਕ ਉੱਚੀ ਇਮਾਰਤ ਅਤੇ ਪਿਛਲੇ ਪਾਸੇ ਇਕ ਪਾਸਿਓਂ ਖੁੱਲ੍ਹਣ ਨਾਲ ਜੇਲ੍ਹ ਨੂੰ ਸੁਰੱਖਿਆ ਦਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਕੰਧ ਤੋਂ ਮੋਬਾਈਲ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਸੁੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਸਾਲ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਵਿਚੋਂ 1500 ਤੋਂ ਵੱਧ ਮੋਬਾਈਲ ਬਰਾਮਦ ਕੀਤੇ ਗਏ ਹਨ।
ਬੀਤੇ ਦਿਨੀਂ ਜੇਲ੍ਹ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਨੇ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ 161 ਸਾਲ ਪੁਰਾਣੀ 100 ਏਕੜ ਰਕਬੇ ਵਿਚ ਆਬਾਦੀ ਵਾਲੇ ਖੇਤਰ ਵਾਲੀ ਜੇਲ੍ਹ ਅਤਿ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਤਬਦੀਲ ਕਰਨ ਦਾ ਸੰਕੇਤ ਦਿੱਤਾ ਹੈ। ਜੇਲ੍ਹ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਜੈਮਰ ਲਗਾਉਣਾ ਸੰਭਵ ਨਹੀਂ ਸੀ ਕਿਉਂਕਿ ਇਸ ਵਿੱਚ ਭਾਰੀ ਵਿੱਤੀ ਬੋਝ ਪੈਂਦਾ ਹੈ। ਸਰਕਾਰ ਨੇ ਜੇਲ੍ਹਾਂ ਵਿਚ ਮੋਬਾਈਲ ਨੈੱਟਵਰਕ ਨੂੰ ਕੰਟਰੋਲ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਕੈਦੀ ਮੋਬਾਈਲ ਦੀ ਵਰਤੋਂ ਨਾ ਕਰ ਸਕਣ। ਇਸ ਨੂੰ ਲੈ ਕੇ ਸਰਕਾਰ ਵੱਖ-ਵੱਖ ਮੋਬਾਈਲ ਆਪਰੇਟਿੰਗ ਕੰਪਨੀਆਂ ਦੇ ਸੰਪਰਕ ਵਿਚ ਹੈ।