ludhiana gurmeet singh farmer: ਲੁਧਿਆਣਾ: ਗੁਰਮੀਤ ਸਿੰਘ ਪਿੰਡ ਸਰਾਭਾ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਦਾ ਨੋਜਵਾਨ ਕਿਸਾਨ ਹੈ। ਇਹ ਕਿਸਾਨ ਸਿਰਫ 4 ਏਕੜ ਤੇ ਖੇਤੀ ਕਰਦਾ ਹੈ ਜਿਸ ਵਿੱਚ 2 ਏਕੜ ਮਾਲਕੀ ਅਤੇ 2 ਏਕੜ ਠੇਕੇ ‘ਤੇ ਹੈ। ਇਹ ਸੀਮਾਂਤ ਕਿਸਾਨ ਹੈ ਅਤੇ ਇਸਨੇ ਪਿਛਲੇ 3-4 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਕਿਸਾਨ ਗੁਰਮੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਕੋਲ ਆਪਣੀ ਮਸ਼ੀਨਰੀ ਨਹੀਂ ਹੈ ਅਤੇ ਕਿਰਾਏ ਤੇ ਲੈਕੇ ਖੇਤੀ ਕਰਦਾ ਹੈ। ਇਸ ਸਾਲ ਉਸਨੇ 2 ਏਕੜ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਘੱਟ ਸਮਾਂ ਲੈਣ ਵਾਲੀ ਪੀ.ਆਰ.126, 1 ਏਕੜ ਵਿੱਚ ਪੂਸਾ ਬਾਸਮਤੀ 1121 ਅਤੇ 1 ਏਕੜ ਵਿੱਚ ਚਾਰੇ ਵਾਲੀਆਂ ਫਸਲਾਂ ਦੀ ਖੇਤੀ ਕਰਦਾ ਹੈ। ਕਿਸਾਨ ਨੇ ਅੱਗੇ ਦੱਸਿਆ ਕਿ ਪੀ.ਆਰ 126 ਦੀ ਕਟਾਈ ਸੁਪਰ ਐਸ.ਐਮ.ਐਸ ਲੱਗੇ ਕੰਬਾਇਨ ਹਾਰਵੈਸਟਰ ਕਰਕੇ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਕਰਦਾ ਆ ਰਿਹਾ ਹੈ।
ਵਾਤਾਵਰਣ ਪੱਖੀ ਕਿਸਾਨ ਨੇ ਇਸ ਵਾਰ 2 ਏਕੜ ਸੁਪਰਸੀਡਰ ਨਾਲ, ਬਾਸਮਤੀ ਦੀ ਕਟਾਈ ਹੱਥਾਂ ਨਾਲ ਕਰਕੇ ਅਤੇ ਪਰਾਲੀ ਨੂੰ ਇਕ ਜਗ੍ਹਾ ਇਕੱਠੀ ਕਰਨ ਤੋਂ ਬਾਅਦ ਜੀਰੋ ਟਿਲ ਡਰਿੱਲ ਨਾਲ 1 ਏਕੜ ਕਣਕ ਦੀ ਬਿਜਾਈ ਕੀਤੀ ਹੈ ਅਤੇ ਬਾਕੀ ਬਚੀ ਪਰਾਲੀ ਨੂੰ ਚਾਰੇ ਅਤੇ ਸਰਦੀਆਂ ਵਿੱਚ ਪਸ਼ੂਆਂ ਠੰਡ ਤੋਂ ਬਚਾ ਲਈ ਰੱਖਿਆ ਹੈ। ਕਿਸਾਨ ਨੇ ਦੱਸਿਆ ਕਿ ਉਸਦਾ ਗੁਜਾਰਾ ਬਹੁਤ ਵਧੀਆਂ ਚਲਦਾ ਹੈ। ਕਿਸਾਨ ਗੁਰਮੀਤ ਸਿੰਘ ਘਰ ਵਾਸਤੇ ਸਬਜੀਆਂ ਵੀ ਉਗਾਉਦਾਂ ਹੈ। ਕਿਸਾਨ ਨੇ ਦੱਸਿਆ ਕਿ ਉਹ ਘੱਟ ਜਮੀਨ ਦੀ ਖੇਤੀ ਦੇ ਬਾਵਜੂਦ ਬਹੁਤ ਖੁਸ਼ਹਾਲ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਅਨੁਸਾਰ ਖਾਦਾਂ ਅਤੇ ਲੋੜ ਅਨੁਸਾਰ ਕੀਟਨਾਸ਼ਕ/ਨਦੀਨਨਾਸ਼ਕ/ਉੱਲੀਨਾਸ਼ਕ ਦੀ ਵਰਤੋਂ ਕਰਦਾ ਹੈ ਜਿਸ ਕਾਰਨ ਉਸਦੇ ਕਾਸ਼ਤਕਾਰੀ ਖਰਚੇ ਘੱਟੇ ਹਨ ਅਤੇ ਮੁਨਾਫਾ ਵਧਿਆ ਹੈ। ਕਿਸਾਨ ਨੇ ਦੱਸਿਆ ਕਿ ਆਪਣੀਆਂ ਜਰੂਰਤਾਂ ਨੂੰ ਸੀਮਤ ਕਰਕੇ, ਵਿਗਿਆਨਕ ਖੇਤੀ ਤਕਨੀਕਾਂ ਅਪਣਾ ਕੇ ਘੱਟ ਖੇਤੀ ਤੇ ਵੀ ਕਿਸਾਨ ਖੁਸ਼ਹਾਲੀ ਨਾਲ ਰਹਿ ਸਕਦੇ ਹਨ। ਕਿਸਾਨ ਗੁਰਮੀਤ ਸਿੰਘ ਨੇ ਸਾਥੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ, ਪਰਾਲੀ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।