ਚੰਡੀਗੜ: ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਪੰਜਾਬ ਭਰ ਦੇ ਮਹਿਲਾ ਸੈੱਲਾਂ ਵਿੱਚ ਪੇਸ਼ੇਵਰ ਸਲਾਹਕਾਰਾਂ ਦੀਆਂ ਅਸਾਮੀਆਂ ਫੌਰੀ ਅਧਾਰ ’ਤੇ ਭਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਇਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਉਹ ਇਨਾਂ ਅਸਾਮੀਆਂ ਨੂੰ ਜਲਦ ਭਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਨੂੰ ਇੱਕ ਪੱਤਰ ਲਿਖਣਗੇ ਅਤੇ ਇਸ ਸਬੰਧ ਵਿੱਚ 15 ਦਿਨਾਂ ’ਚ ਰਿਪੋਰਟ ਦੇਣ ਲਈ ਵੀ ਕਿਹਾ ਗਿਆ ਹੈ। ਇਸ ਨੂੰ ਇੱਕ ਮਹੱਤਵਪੂਰਨ ਮਾਮਲਾ ਦੱਸਦਿਆਂ ਉਨਾਂ ਨੇ ਮਹਿਲਾ ਸੈੱਲਾਂ ਵਿੱਚ ਸਲਾਹਕਾਰਾਂ ਦੀਆਂ ਭਰੀਆਂ ਅਤੇ ਖਾਲੀ ਪਈਆਂ ਅਸਾਮੀਆਂ ਸਬੰਧੀ ਸਟੇਟਸ ਰਿਪੋਰਟ ਵੀ ਮੰਗੀ।
ਮਹਾਂਮਾਰੀ ਦੇ ਇਸ ਦੌਰ ਵਿਚ ਸੀਨੀਅਰ ਸਿਟੀਜ਼ਨਜ਼ ਨੂੰ ਰਾਹਤ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਜ਼ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰਾਂ (ਡੀਐਸਐਸਓਜ਼) ਅਤੇ ਬਾਲ ਵਿਕਾਸ ਤੇ ਪ੍ਰੋਗਰਾਮ ਅਫਸਰਾਂ (ਸੀਡੀਪੀਓਜ਼) ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।ਉਨਾਂ ਲੋਕ ਭਲਾਈ ਸਕੀਮਾਂ ਸਬੰਧੀ ਸੂਬੇ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ’ਤੇ ਵੀ ਜ਼ੋਰ ਦਿੱਤਾ ਜਿਸਦੇ ਪਹਿਲੇ ਪੜਾਅ ਵਿੱਚ ਜ਼ਿਲਾ ਪੱਧਰ ’ਤੇ ਸੈਮੀਨਾਰ ਕਰਵਾਏ ਜਾਣਗੇ। ਉਨਾਂ ਕਮਿਸ਼ਨ ਦੇ ਵੱਖ ਵੱਖ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਪਹਿਲਾਂ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਮਹਿਲਾ ਸੈੱਲਾਂ ਵਿੱਚ ਪੇਸ਼ੇਵਾਰ ਸਲਾਹਕਾਰਾਂ ਦੀ ਸਖ਼ਤ ਲੋੜ ਦਾ ਮੁੱਦਾ ਉਠਾਇਆ। ਉਨਾਂ ਵੱਖ ਵੱਖ ਕੇਸਾਂ ਅਤੇ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਕਮਿਸ਼ਨ ਦੁਆਰਾ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ।