Nitish kumar on Sushil modi: ਬਿਹਾਰ ਦੀ ਕਮਾਂਡ ਨਿਤੀਸ਼ ਕੁਮਾਰ ਨੇ ਫਿਰ ਤੋਂ ਸੰਭਾਲ ਲਈ ਹੈ, ਪਰ ਇਸ ਵਾਰ ਉਨ੍ਹਾਂ ਦੀ ਜੋੜੀ ਟੁੱਟ ਗਈ ਹੈ। ਇਸ ਵਾਰ ਸੁਸ਼ੀਲ ਮੋਦੀ ਉਪ ਮੁੱਖ ਮੰਤਰੀ ਨਹੀਂ ਹੋਣਗੇ । ਨਵੀਂ ਐਨਡੀਏ ਸਰਕਾਰ ਵਿੱਚ ਦੋ ਡਿਪਟੀ ਸੀਐਮ ਬਣਾਏ ਗਏ ਹਨ, ਜਿਨ੍ਹਾਂ ਵਿੱਚ ਸੁਸ਼ੀਲ ਮੋਦੀ ਦਾ ਨਾਮ ਨਹੀਂ ਹੈ। ਉੱਥੇ ਹੀ ਸੁਸ਼ੀਲ ਮੋਦੀ ਨੂੰ ਡਿਪਟੀ ਮੁੱਖ ਮੰਤਰੀ ਨਾ ਬਣਾਏ ਜਾਣ ‘ਤੇ ਨਿਤੀਸ਼ ਕੁਮਾਰ ਦੀ ਪ੍ਰਤੀਕ੍ਰਿਆ ਆਈ ਹੈ।
ਨਿਤੀਸ਼ ਕੁਮਾਰ ਨੇ ਕਿਹਾ ਕਿ ਸੁਸ਼ੀਲ ਮੋਦੀ ਨੂੰ ਉਪ ਮੁੱਖ ਮੰਤਰੀ ਨਾ ਬਣਾਉਣਾ ਭਾਰਤੀ ਜਨਤਾ ਪਾਰਟੀ(BJP) ਦਾ ਫ਼ੈਸਲਾ ਹੈ । ਭਾਜਪਾ ਨੂੰ ਇਸ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਸਾਡਾ ਗੱਠਜੋੜ ਹੈ, ਅਸੀਂ ਮਿਲ ਕੇ ਕੰਮ ਕਰਦੇ ਹਾਂ ਅਤੇ ਮਿਲ ਕੇ ਕੰਮ ਕਰਾਂਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਨਵਾਂ ਮੌਕਾ ਫਿਰ ਮਿਲਿਆ ਹੈ, ਹਰ ਵਾਰ ਕੁਝ ਨਵਾਂ ਹੁੰਦਾ ਹੈ।
ਦੱਸ ਦਈਏ ਕਿ ਨਿਤੀਸ਼ ਕੁਮਾਰ ਨੇ 7ਵੀਂ ਵਾਰ ਸੋਮਵਾਰ ਨੂੰ ਰਾਜ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ । 14 ਮੰਤਰੀਆਂ ਨੇ ਵੀ ਉਨ੍ਹਾਂ ਨਾਲ ਸਹੁੰ ਚੁੱਕੀ । ਇਸ ਵਿੱਚ ਭਾਜਪਾ ਦੇ 7, JDU ਦੇ 5, VIP ਅਤੇ HUM ਪਾਰਟੀ ਵਿਚੋਂ ਇੱਕ-ਇੱਕ ਮੰਤਰੀ ਸ਼ਾਮਿਲ ਹਨ। ਇਸ ਵਾਰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਤਾਰਕਿਸ਼ੋਰ ਪ੍ਰਸਾਦ ਅਤੇ ਰੇਨੂੰ ਦੇਵੀ ਨੂੰ ਸੌਂਪੀ ਗਈ ਹੈ। ਇਸ ਸਮਾਰੋਹ ਵਿੱਚ ਕੇਂਦਰੀ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ ਪੀ ਨੱਡਾ, ਦੇਵੇਂਦਰ ਫੜਨਵੀਸ ਸਣੇ ਪਾਰਟੀ ਦੇ ਚੋਟੀ ਦੇ ਨੇਤਾ ਮੌਜੂਦ ਸਨ।
ਮਿਲੀ ਜਾਣਕਾਰੀ ਅਨੁਸਾਰ ਨਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ 23 ਨਵੰਬਰ ਨੂੰ ਹੋਵੇਗਾ । ਪਹਿਲੇ ਪ੍ਰੋਟੇਮ ਸਪੀਕਰ ਨੂੰ ਨਾਮਜ਼ਦ ਕੀਤਾ ਜਾਵੇਗਾ, ਜੋ ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਵਿਧਾਨ ਸਭਾ ਦੇ ਸਪੀਕਰ ਦੀ ਚੋਣ ਨਵੇਂ ਵਿਧਾਇਕਾਂ ਦੀ ਸਹੁੰ ਚੁੱਕਣ ਤੋਂ ਬਾਅਦ ਕੀਤੀ ਜਾਵੇਗੀ।
ਇਹ ਵੀ ਦੇਖੋ: ‘ਲੋਕ ਮੈਨੂੰ ਭੂਤਨੀ ਸਮਝ ਡਰ ਕੇ ਭੱਜ ਜਾਂਦੇ ਸੀ, ਮੇਰੀ ਸ਼ਕਲ ਦੇਖ ਲੋਕਾਂ ਨੂੰ ਖਾਣਾ ਨਹੀਂ ਸੀ ਲੰਘਦਾ’