Paddy procurement will be at : ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਸੈਂਕੜੇ ਖਰੀਦ ਕੇਂਦਰਾਂ ਤੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ। ਇਹ ਫੈਸਲਾ ਇਸ ਵਾਰ ਝੋਨੇ ਦੀ ਹੋਈ ਵੱਧ ਝਾੜ ਦੇ ਮੱਦੇਨਜ਼ਰ ਲਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਦੇ ਮੁਤਾਬਕ ਪੰਜਾਬ ਦੇ ਸਬ-ਡਿਵੀਜ਼ਨ ਪੱਧਰ ਜਾਂ ਮਾਰਕੀਟ ਦਫਤਰ ਪੱਧਰ ਦੇ ਮੁੱਖ ਯਾਰਡਾਂ ਤੋਂ ਇਲਾਵਾ ਬਾਕੀ ਸਾਰੇ ਯਾਰਡਾਂ, ਖਰੀਦ ਕੇਂਦਰਾਂ ਅਤੇ ਹੋਰ ਥਾਵਾਂ ਤੋਂ ਝੋਨੇ ਦੀ ਖਰੀਦ-ਵੇਚ, ਸਟੋਰੇਜ ਅਤੇ ਪ੍ਰੋਸੈਸਿੰਗ ਕਾਰੋਬਾਰ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਇਸ ਸੰਬੰਧੀ ਪੰਜਾਬ ਮਡੀ ਬੋਰਡ ਦੇ ਮੁੱਖ ਸਕੱਤਰ ਰਵੀ ਭਗਤ ਵੱਲੋਂ ਬੀਤੇ ਦਿਨ ਵੱਖ-ਵੱਖ ਜ਼ਿਲ੍ਹਿਆਂ ਦੇ ਮੁੱਖ ਅਫਸਰਾਂ ਸਣੇ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਪੱਤਰ ਭੇਜ ਕੇ ਹਿਦਾਇਤ ਦਿੱਤੀ ਗਈ ਕਿ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰਖਦੇ ਹੋਏ ਮੁੱਖ ਯਾਰਡਾਂ ਤੋਂ ਇਲਾਵਾ ਬਾਕੀ ਸਾਰੀਆਂ ਥਾਵਾਂ ’ਤੇ ਝੋਨੇ ਦੀ ਖਰੀਦ-ਵੇਚ ਅਤੇ ਸਟੋਰੇਜ ਸਣੇ ਪ੍ਰੋਸੈਸਿੰਗ ਹੁਣ ਨਹੀਂ ਕੀਤੀ ਜਾਵੇਗੀ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 115 ਖਰੀਦ ਕੇਂਦਰ ਬਣਾਏ ਗਏ ਸਨ। ਸਰਕਾਰ ਦੇ ਇਹ ਹੁਕਮ ਲਾਗੂ ਹੋਣ ਤੋਂ ਬਾਅਦ ਹੁਣ ਸਿਰਫ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਭੀਖੀ, ਬੋਹਾ ਅਤੇ ਬਰੇਟਾ ਹੀ ਰਹਿ ਗਏ ਹਨ।
ਦੱਸ ਦੇਈਏ ਕਿ ਸਰਕਾਰ ਦੇ ਇਸ ਫੈਸਲੇ ਦਾ ਅਸਰ ਸਭ ਤੋਂ ਵੱਧ ਮਾਲਵਾ ਖੇਤਰ ਦੇ ਕਿਸਾਨਾਂ ’ਤੇ ਪਿਆ ਹੈ। ਝੋਨਾ ਵੇਚਣ ਲਈ ਉਨ੍ਹਾਂ ਨੂੰ ਹੁਣ ਕਈ ਕਿਲੋਮੀਟਰ ਦਾ ਸਫਰ ਤੈਅ ਕਰਨਾ ਪਏਗਾ। ਇਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 30 ਨਵੰਬਰ ਤੱਕ ਝੋਨੇ ਦੀ ਖਰੀਦ ਹੋਣ ਦਾ ਐਲਾਨ ਕੀਤਾ ਹੈ। ਮਾਲਵਾ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੂੰ ਆਪਣੀ ਫਸਲ ਨੇੜਲੇ ਖਰੀਦ ਕੇਂਦਰਾਂ ਵਿੱਚ ਵੇਚਣ ਲਈ ਵੱਡੀ ਸਮੱਸਿਆ ਆ ਰਹੀ ਹੈ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਮੁੱਖ ਯਾਰਡਾਂ ਤੋਂ ਬਿਨਾਂ ਬਾਕੀ ਦੇ ਸਾਰੇ ਸੈਂਟਰਾਂ ਵਿੱਚ ਖਰੀਦ ਨੂੰ ਇਕਦਮ ਬੰਦ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ।