Police nab 4 : ਜਲੰਧਰ : ਸੂਬਾ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਛੇੜੀ ਗਈ ਹੈ ਜਿਸ ਅਧੀਨ ਵੱਡੀ ਸਫਲਤਾ ਹਾਸਲ ਕਰਦੇ ਹੋਏ ਸ਼ਾਹਕੋਟ ਪੁਲਿਸ ਵੱਲੋਂ 4 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਕੋਲੋਂ 11 ਕਿਲੋ ਹੀਰੋਇਨ, 11 ਲੱਖ 25 ਹਜ਼ਾਰ ਦੀ ਡਰੱਗ ਮਨੀ ਤੇ ਇੱਕ ਆਈ20 ਕਾਰ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੀ ਪਛਾਣ ਹਰਜਿੰਦਰ ਪਾਲ ਉਰਫ ਕਾਲਾ ਫਿਰੋਜ਼ਪੁਰ, ਰਣਜੀਤ ਸਿੰਘ ਫਿਰੋਜ਼ਪੁਰ, ਸੰਜੀਤ ਉਰਫ ਮਿੰਟੂ ਫਿਰੋਜ਼ਪੁਰ, ਕਿਸ਼ਨ ਸਿੰਘ ਉਰਫ ਦੌਲਤ ਰਾਜਸਥਾਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਕਾਲਾ, ਰਣਜੀਤ, ਮਿੰਟੂ ਤੇ ਕਿਸ਼ਨ ਫਿਰੋਜ਼ਪੁਰ ਤੋਂ ਹੈਰੋਇਨ ਲੈ ਕੇ ਆਏ ਸਨ। ਸੰਦੀਪ ਗਰਗ ਐੱਸ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੈਰੋਇਨ ਸਪਲਾਈ ਕਰਨ ਲਈ ਚਾਰ ਸਮੱਗਲਰ ਆ ਰਹੇ ਹਨ। ਸੂਚਨਾ ਮਿਲਣ ‘ਤੇ ਸ਼ਾਹਕੋਟ ਥਾਣਾ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਟੀਮ ਨਾਲ ਪੁਲ ਵੇਈ ਮਲਸੀਆਂ ਨੇੜੇ ਨਾਕਾਬੰਦੀ ਕਰ ਦਿੱਤੀ। ਇਸ ਤਰ੍ਹਾਂ ਉਥੋਂ ਇੱਕ ਆਈ20 ਕਾਰ ਜੋ ਕਿ ਹਰਿਆਣਾ ਦੇ ਨੰਬਰ ਦੀ ਸੀ ਨੂੰ ਰੋਕਿਆ ਗਿਆ। ਉਕਤ ਕਾਰ ‘ਚ 4 ਵਿਅਕਤੀ ਬੈਠੇ ਹੋਏ ਸਨ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਤਲਾਸ਼ੀ ਦੇਣ ਨੂੰ ਕਿਹਾ ਗਿਆ। ਤਲਾਸ਼ੀ ਦਰਮਿਆਨ ਉਨ੍ਹਾਂ ਕੋਲੋਂ 1 ਕਿਲੋ ਦੇ 11 ਪੈਕੇਟ ਹੈਰੋਇਨ ਦੇ ਬਰਾਮਦ ਹੋਏ। ਚਾਰਾਂ ਕੋਲੋਂ 11.25 ਲੱਖ ਰੁਪਏ ਦੀ ਨਕਦੀ ਵੀ ਮਿਲੀ।
ਪੁਲਿਸ ਵੱਲੋਂ ਕੀਤੀ ਗਈ ਜਾਂਚ ‘ਚ ਸਾਹਮਣੇ ਆਇਆ ਕਿ ਇਹ ਲੋਕ ਹੈਰੋਇਨ ਨੂੰ ਵੇਚ ਕੇ ਉਸ ਦੇ ਪੈਸੇ ਨਾਲ ਲਿਆ ਰਹੇ ਸਨਥ ਕੁਝ ਪੈਸੇ ਉਨ੍ਹਾਂ ਨੇ ਰਸਤੇ ‘ਚ ਕਿਸੇ ਨੂੰ ਦੇ ਦਿੱਤੇ ਸਨ। ਉਨ੍ਹਾਂ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾਵੇਗੀ ਕਿ ਉਹ ਹੈਰੋਇਨ ਕਿਸ-ਕਿਸ ਵਿਅਕਤੀ ਨੂੰ ਸਪਲਾਈ ਕਰਨ ਲਈ ਜਾ ਰਹੇ ਸਨ। ਹੁਣ ਤੱਕ ਉਨ੍ਹਾਂ ਨੇ ਕਿੰਨੀ ਹੈਰੋਇਨ ਦੀ ਸਪਲਾਈ ਕੀਤੀ ਅਤੇ ਕਿਥੋਂ ਕਿੰਨੇ ਪੈਸੇ ਲਈ,ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਰਿਮਾਂਡ ਦੌਰਾਨ ਦੋਸ਼ੀਆਂ ਤੋਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਤਾ ਲਗਾਇਆ ਜਾਵੇਗਾ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ 4 ਨਸ਼ਾ ਸਮੱਗਲਰਾਂ ਦੇ ਫੜੇ ਜਾਣ ਨਾਲ ਹੋਰ ਵੱਡੇ ਗਿਰੋਹ ਦਾ ਖੁਲਾਸਾ ਹੋ ਸਕਦਾ ਹੈ ਜੋ ਕਿ ਇਨ੍ਹਾਂ ਸਮੱਗਲਰਾਂ ਨਾਲ ਮਿਲੇ ਹੋ ਸਕਦੇ ਹਨ ਤੇ ਨਸ਼ੇ ਦਾ ਕਾਰੋਬਾਰ ਚਲਾ ਰਹੇ ਸਨ।