Kushdlip Singh Dhillon : ਫਰੀਦਕੋਟ : ਪੰਜਾਬ ਸਰਕਾਰ ਦੇ ਖੇਤੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਦੇ ਮੁੱਖ ਦਫਤਰ ‘ਚ ਚੱਲ ਰਹੀ ਭੂਮੀ ਪਰਖ ਲੈਬਾਰਟਰੀ ‘ਚ ਅੱਜ ਮਿੱਟੀ ਦੇ ਅੰਦਰ ਮੌਜੂਦ ਸੂਖਮ ਤੱਤਾਂ ਨੂੰ ਟੈਸਟ ਕਰਨ ਵਾਲੀ ਅਤਿ ਆਧੁਨਿਕ ਮਸ਼ੀਨ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਖੇਤੀ ਮਾਹਿਰਾਂ ਨੇ ਦੱਸਿਆ ਕਿ ਇਹ ਮਸ਼ੀਨ ਮਿੱਟੀ ਦੇ ਅੰਦਰ ਮੌਜੂਦ ਸਾਰੇ ਤੱਤਾਂ ਦੀ ਜਾਣਕਾਰੀ ਦੇਵੇਗੀ ਜਿਸ ਨਾਲ ਜੇਕਰ ਕਿਸੇ ਜ਼ਮੀਨ ‘ਚ ਕੋਈ ਜ਼ਰੂਰੀ ਤੱਤ ਦੀ ਕਮੀ ਹੋਵੇ ਤਾਂ ਉਸ ਨੂੰ ਪੂਰਾ ਕੀਤਾ ਜਾ ਸਕੇ।
ਜਾਣਕਾਰੀ ਮੁਤਾਬਕ ਇਹ ਮਸ਼ੀਨ ਯੂ. ਐੱਸ. ਏ. ਤੋਂ ਮੰਗਵਾਈ ਗਈ ਹੈ ਅਤੇ ਇਸ ਦੀ ਕੀਮਤ ਲਗਭਗ 80 ਲੱਖ ਰੁਪਏ ਹੈ। ਪੂਰੇ ਪੰਜਾਬ ‘ਚ ਸਿਰਫ ਦੋ ਜਗ੍ਹਾ ਸੰਗਰੂਰ ਤੇ ਫਰੀਦਕੋਟ ‘ਚ ਹੀ ਇਹ ਮਸ਼ੀਨ ਲਗਾਈ ਗਈ ਹੈ ਜਿਸ ਅਧੀਨ ਸੂਬੇ ਦੇ 11-11 ਜਿਲ੍ਹਿਆਂ ਦੇ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ ਤੇ ਕਿਸਾਨ ਨੂੰ ਟੈਸਟ ਦੀ ਕੋਈ ਫੀਸ ਨਹੀਂ ਲੱਗੇਗੀ। ਇਸ ਮੌਕੇ ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਮਸ਼ੀਨ ਆਧੁਨਿਕ ਮਿੱਟੀ ਟੈਸਟ ਕਰਨ ਵਾਲੀ ਮਸ਼ੀਨ ਹੈ ਜੋ ਇਮੀਸ਼ਨ ਸਪੈਕਟ੍ਰੋਸਕੋਪੀ ਤਕਨੀਕ ਦੁਆਰਾ ਮਿੱਟੀ ‘ਚ ਪਾਏ ਜਾਣ ਵਾਲੇ ਵੱਡੇ ਤੱਤ ਅਤੇ ਛੋਟੇ ਤੱਤਾਂ ਦੀ ਮਾਤਰਾ ਟੈਸਟ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਲੈਬਾਰਟਰੀ ‘ਚ ਸਿਰਫ ਤਿੰਨ ਤੱਤਾਂ ਦਾ ਹੀ ਟੈਸਟ ਹੁੰਦਾ ਸੀ ਪਰ ਇਸ ਮਸ਼ੀਨ ਨਾਲ ਮਿੱਟੀ ਦੇ ਅੰਦਰ ਮੌਜੂਦ ਸਾਰੇ ਤੱਤਾਂ ਦੀ ਜਾਂਚ ਹੋ ਸਕਦੀ ਹੈ ਅਤੇ ਉਸ ਦੀ ਮਾਤਾਰ ਦਾ ਵੀ ਪਤਾ ਚੱਲੇਗਾ। ਉਨ੍ਹਾਂ ਦੱਸਿਆ ਕਿ ਫਰੀਦਕੋਟ ਦੇ ਨਾਲ-ਨਾਲ 11 ਹੋਰ ਜਿਲ੍ਹਿਆਂ ਦੇ ਕਿਸਾਨਾਂ ਨੂੰ ਰਬੀ ਤੇ ਖਰੀਫ ਦੀ ਫਸਲ ਦੇ ਸੀਜਨ ਦੌਰਾਨ ਆਪਣੇ ਖੇਤਾਂ ਨੂੰ ਮਿੱਟੀ ‘ਚ ਮੌਜੂਦ ਤੱਤਾਂ ਬਾਰੇ ਜਾਣਕਾਰੀ ਮਿਲ ਸਕੇਗੀ ਜਿਸ ਨਾਲ ਉਹ ਖਾਦਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਣਗੇ।
ਢਿੱਲੋਂ ਨੇ ਕਿਹਾ ਕਿ ਕਿਸਾਨ ਪੰਜਾਬ ਤੇ ਪੂਰੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਦੇਸ਼ ਖੁਸ਼ਹਾਲ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੀ ਜ਼ਮੀਨ ਤੇ ਮਿੱਟੀ ਟੈਸਟ ਕਰਵਾਉਣ ਜਿਸ ਨਾਲ ਉਨ੍ਹਾਂ ਨੂੰ ਲੋੜ ਮੁਤਾਬਕ ਖਾਧ ਤੇ ਹੋਰ ਸਪਰੇਅ ਦਾ ਇਸਤੇਮਾਲ ਕਰਨਾ ਪਵੇ। ਟੈਕਨੀਕਲ ਅਧਿਕਾਰੀ ਨੇ ਮਸ਼ੀਨ ਬਾਰੇ ਦੱਸਿਆ ਕਿ ਇਸ ਮਸ਼ੀਨ ਦਾ ਨਾਂ ICPOEC ਹੈ ਅਤੇ ਇਹ ਮਸ਼ੀਨ ਯੂ. ਐੱਸ. ਦੀ ਹੈ। ਇਹ ਮਸ਼ੀਨ ਪੂਰੀ ਤਰ੍ਹਾਂ ਆਟੋਮੈਟਿਕ ਹੈ। ਇਸ ਮੌਕੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਨੇਕ ਸਿੰਘ ਨੇ ਕਿਹਾ ਕਿ ਇਸ ਮਸ਼ੀਨ ਅਤੇ ਸੋਆਇਲ ਹੈਲਥ ਕਾਰਡ ਸਕੀਮ ਅਧੀਨ ਮਿੱਟੀ ਦੇ ਸੈਂਪਲ ਟੈਸਟ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਕਿਸਾਨ ਸਿੱਧੇ ਤੌਰ ‘ਤੇ ਵੀ ਮਿੱਟੀ ਦਾ ਸੈਂਪਲ ਲੈ ਕੇ ਟੈਸਟ ਕਰਵਾਉਣ ਲਈ ਲੈਬ ‘ਚ ਜਮ੍ਹਾ ਕਰਵਾ ਸਕਦੇ ਹਨ। ਇਸ ਮਸ਼ੀਨ ਨੂੰ ਕਿਸਾਨ ਹਿੱਤ ਲਈ ਹੀ ਇਸਤੇਮਾਲ ਕੀਤਾ ਜਾਵੇਗਾ।