Rahul Gandhi pays homage: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ 103ਵੇਂ ਜਨਮਦਿਨ ‘ਤੇ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਦਾ ਜਨਮ 19 ਨਵੰਬਰ 1917 ਨੂੰ ਹੋਇਆ ਸੀ। ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਹੈ ਇੱਕ ਕਾਰਜਕੁਸ਼ਲ ਪ੍ਰਧਾਨ ਮੰਤਰੀ ਅਤੇ ਸ਼ਕਤੀ ਸਵਰੂਪ ਇੰਦਰਾ ਗਾਂਧੀ ਜੀ ਦੀ ਜਯੰਤੀ ‘ਤੇ ਸ਼ਰਧਾਂਜਲੀ । ਪੂਰਾ ਦੇਸ਼ ਉਨ੍ਹਾਂ ਦੀ ਪ੍ਰਭਾਵਸ਼ਾਲੀ ਅਗਵਾਈ ਦੀ ਮਿਸਾਲ ਦਿੰਦਾ ਹੈ, ਪਰ ਮੈਂ ਹਮੇਸ਼ਾਂ ਉਨ੍ਹਾਂ ਨੂੰ ਆਪਣੀ ਪਿਆਰੀ ਦਾਦੀ ਵਜੋਂ ਯਾਦ ਕਰਦਾ ਹਾਂ। ਉਨ੍ਹਾਂ ਦੀਆਂ ਸਿਖਾਈਆਂ ਹੋਈਆਂ ਗੱਲਾਂ ਮੈਨੂੰ ਲਗਾਤਾਰ ਪ੍ਰੇਰਿਤ ਕਰਦੀਆਂ ਹਨ।
ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇੱਕ ਟਵੀਟ ਨਾਲ ਇੱਕ ਤਸਵੀਰ ਨੂੰ ਸਾਂਝਾ ਕੀਤਾ, ਜਦੋਂ ਕਿ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ । ਰਾਹੁਲ ਗਾਂਧੀ ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੀ ਯਾਦਗਾਰ ਸ਼ਕਤੀ ਥਾਂ ‘ਤੇ ਜਾ ਕੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਲੌਹ ਮਹਿਲਾ ਅਖਵਾਈ ਜਾਣ ਵਾਲੀ ਦ੍ਰਿੜਤਾ, ਦਲੇਰੀ ਅਤੇ ਅਦਭੁਤ ਕਾਬਲੀਅਤ ਵਾਲੀ ਭਾਰਤ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਤ ਸ਼ਤ ਨਮਨ। ਆਪਣੀ ਪ੍ਰਤਿਭਾ ਅਤੇ ਰਾਜਨੀਤਿਕ ਦ੍ਰਿੜਤਾ ਲਈ ਵਿਸ਼ਵ ਰਾਜਨੀਤੀ ਦੇ ਇਤਿਹਾਸ ਵਿੱਚ ਇੰਦਰਾ ਜੀ ਦਾ ਨਾਮ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਦੱਸ ਦੇਈਏ ਕਿ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ । ਇੰਦਰਾ ਗਾਂਧੀ ਨੇ 1966 ਤੋਂ 1977 ਵਿਚਾਲੇ ਲਗਾਤਾਰ ਤਿੰਨ ਵਾਰ ਦੇਸ਼ ਦੀ ਰਾਜ ਸੱਤਾ ਸੰਭਾਲੀ ਅਤੇ ਫਿਰ 1980 ਵਿੱਚ ਦੁਬਾਰਾ ਇਸ ਅਹੁਦੇ ‘ਤੇ ਪਹੁੰਚੀ ਅਤੇ 31 ਅਕਤੂਬਰ 1984 ਨੂੰ ਅਹੁਦੇ ‘ਤੇ ਰਹਿੰਦੇ ਹੋਏ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ।
ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਰਾਜਨੀਤੀ ਵਿੱਚ ਆਪਣੇ ਪਿਤਾ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਆਈ ਸੀ । ਉਨ੍ਹਾਂ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਅਧੀਨ ਸੂਚਨਾ ਅਤੇ ਪ੍ਰਸਾਰਣ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਸ਼ਾਸਤਰੀ ਦੀ ਮੌਤ ਤੋਂ ਬਾਅਦ ਉਹ ਦੇਸ਼ ਦੀ ਤੀਜੀ ਪ੍ਰਧਾਨ ਮੰਤਰੀ ਚੁਣੀ ਗਈ ਸੀ । ਇੰਦਰਾ ਗਾਂਧੀ ਨੂੰ ਸਾਲ 1971 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।