Raninder Singh was released : ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਤੀਸਰੇ ਸੰਮਣ ਤੋਂ ਬਾਅਦ ਜਲੰਧਰ ਵਿਖੇ ED ਦੇ ਦਫਤਰ ਵਿੱਚ ਪੇਸ਼ ਹੋਏ, ਜਿਥੇ ਲਗਭਗ 6 ਘੰਟਿਆਂ ਦੇ ਕਰੀਬ ਉਨ੍ਹਾਂ ਕੋਲੋਂ ਪੁੱਛ-ਗਿੱਛ ਕੀਤੀ ਗਈ। ED ਦਫਤਰ ਦੇ ਬਾਹਰ ਆ ਕੇ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਜਾਂਚ ਸੰਬੰਧੀ ਜਿੰਨੇ ਵੀ ਸਵਾਲ ਪੁੱਛੇ ਗਏ ਉਨ੍ਹਾਂ ਨੇ ਜਵਾਬ ਦਿੱਤਾ। ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਵਿੱਚ ਸਹਿਯੋਗ ਕਰਨ ਲਈ ਹਰ ਵੇਲੇ ਤਿਆਰ ਹਨ। ਉਨ੍ਹਾਂ ਨੂੰ ਪੁੱਛ-ਗਿੱਛ ਲਈ ਜਿੰਨੀ ਵਾਰ ਵੀ ਬੁਲਾਇਆ ਜਾਏਗਾ ਉਹ ਆਉਣਗੇ ਅਤੇ ਜਾਂਚ ਵਿੱਚ ਸਹਿਯੋਗ ਕਰਨਗੇ। ਰਣਇੰਦਰ ਨਾਲ ਉਨ੍ਹਾਂ ਦੇ ਵਕੀਲ ਤੇ ਤੇਜਿੰਦਰ ਬਿੱਟੂ ਵੀ ਈਡੀ ਦਫਤਰ ਵਿੱਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਕੀਲ ਜੈਵੀਰ ਸ਼ੇਰਗਿੱਲ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਰਣਇੰਦਰ ਖ਼ਿਲਾਫ਼ ਇਹ ਕੇਸ 15 ਸਾਲ ਪੁਰਾਣਾ ਹੈ। ਰਣਇੰਦਰ ਸਿੰਘ ਤੋਂ 2005 ਦੇ ਇਸ ਕੇਸ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਕਰਨ ਲਈ ਪੁੱਛਗਿੱਛ ਕੀਤੀ ਜਾਂ ਰਹੀ ਹੈ। ਰਣਇੰਦਰ ਸਿੰਘ ਖ਼ਿਲਾਫ਼ ਕੇਸ 2005-2006 ਦਰਮਿਆਨ ਵਿਦੇਸ਼ੀ ਅਣਜਾਣ ਸੰਪਤੀਆਂ ਨੂੰ ਲੁਕਾਉਣ ਦਾ ਹੈ। ਇਨਕਮ ਟੈਕਸ ਵਿਭਾਗ 2005 ਵਿੱਚ ਇਸ ਕੇਸ ਦੀ ਜਾਂਚ ਕਰ ਰਿਹਾ ਸੀ। ਆਮਦਨ ਟੈਕਸ ਵਿਭਾਗ ਵੱਲੋਂ ਕਥਿਤ ਤੌਰ ‘ਤੇ ਜਾਂਚ ਵਿੱਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਸਾਲ 2019- 20 ਲਈ ਆਮਦਨ ਕਰ ਵਿਭਾਗ ਦੀ ਮੁਲਾਂਕਣ ਰਿਪੋਰਟ ਦੇ ਅਧਾਰ‘ ਤੇ ਜਾਂਚ ਕੀਤੀ ਜਾ ਰਹੀ ਹੈ ਇਸੇ ਸਬੰਧ ਵਿੱਚ ਈਡੀ ਨੇ ਵੀ ਇੱਕ ਕੇਸ ਦਰਜ ਕਰ ਲਿਆ ਸੀ। ਈਡੀ ਨੇ ਰਣਇੰਦਰ ਸਿੰਘ ਨੂੰ ਇਸ ਤੋਂ ਪਹਿਲਾਂ ਦੋ ਵਾਰ ਸੰਮਨ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋਏ।
ਸੰਮਨ ਪਹਿਲਾਂ ਅਕਤੂਬਰ ਮਹੀਨੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਰਣਇੰਦਰ ਨੇ 6 ਨਵੰਬਰ ਨੂੰ ਓਲੰਪਿਕ ਖੇਡਾਂ ਅਤੇ ਕੋਰੋਨਾ ਟੈਸਟ ਦੇ ਵਿਅਸਤ ਪ੍ਰੋਗਰਾਮ ਦਾ ਹਵਾਲਾ ਦਿੰਦਿਆਂ ਈਡੀ ਦਫ਼ਤਰ ਆਉਣ ਵਿੱਚ ਅਸਮਰਥਾ ਜ਼ਾਹਿਰ ਕੀਤੀ ਸੀ। ਜਿਸ ਤੋਂ ਬਾਅਦ ਈਡੀ ਨੇ ਉਸ ਨੂੰ 19 ਨਵੰਬਰ ਯਾਨੀ ਅੱਜ ਦੇ ਦਿਨ ਲਈ ਸੰਮਨ ਜਾਰੀ ਕੀਤਾ। ਰਣਇੰਦਰ ਸਿੰਘ ਇਸ ਮਾਮਲੇ ਵਿੱਚ ਨਿਰੰਤਰ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਕੋਲ ਛੁਪਾਉਣ ਦਾ ਕੋਈ ਕਾਰਨ ਵੀ ਨਹੀਂ ਹੈ ਅਤੇ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਇਸ ਨੂੰ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਦੱਸਿਆ ਹੈ।