icc new rules: ਨਵੀਂ ਦਿੱਲੀ. ਆਈਸੀਸੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਖੇਡਣ ਲਈ ਹੁਣ ਘੱਟੋ ਘੱਟ ਉਮਰ ਨਿਰਧਾਰਤ ਕਰ ਦਿੱਤੀ ਹੈ। ਆਈਸੀਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਮੈਚ ਖੇਡਣ ਲਈ ਇੱਕ ਖਿਡਾਰੀ ਦੀ ਘੱਟੋ ਘੱਟ ਉਮਰ 15 ਸਾਲ ਦੀ ਹੋਣੀ ਲਾਜ਼ਮੀ ਹੋਵੇਗੀ। ਬਹੁਤ ਸਾਰੇ ਖਿਡਾਰੀ ਅਜਿਹੇ ਹੋਏ ਹਨ ਜਿਨ੍ਹਾਂ ਨੇ 15 ਸਾਲ ਜਾਂ ਇਸਤੋਂ ਘੱਟ ਉਮਰ ਵਿੱਚ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਹੈ। ਆਈਸੀਸੀ ਦੁਆਰਾ ਬਣਾਇਆ ਇਹ ਨਿਯਮ ਅੰਡਰ -19 ਕ੍ਰਿਕਟ ਅਤੇ ਮਹਿਲਾ ਕ੍ਰਿਕਟ ‘ਤੇ ਵੀ ਲਾਗੂ ਹੋਵੇਗਾ। ਆਈਸੀਸੀ ਨੇ ਹਾਲਾਂਕਿ ਸਾਰੇ ਕ੍ਰਿਕਟ ਬੋਰਡਾਂ ਨੂੰ ਛੋਟ ਦੇ ਦਿੱਤੀ ਹੈ ਕਿ ਜੇ ਉਹ 15 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਨੂੰ ਸ਼ਾਮਿਲ ਕਰਨਾ ਚਾਹੁੰਦੇ ਹਨ ਤਾਂ ਉਹ ਇਸ ਲਈ ਬਿਨੈ ਕਰ ਸਕਦੇ ਹਨ। ਆਈਸੀਸੀ ਨੇ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ, ‘ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਘੱਟੋ ਘੱਟ ਉਮਰ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ, ਇਹ ਆਈਸੀਸੀ ਕ੍ਰਿਕਟ ਦੇ ਹਰ ਫਾਰਮੈਟ ਵਿੱਚ ਹੋਵੇਗਾ, ਦੋ ਦੇਸ਼ਾਂ ਵਿਚਕਾਰ ਸੀਰੀਜ਼, ਅਤੇ ਅੰਡਰ -19 ਕ੍ਰਿਕਟ ਵਿੱਚ ਵੀ। ਮਹਿਲਾ ਕ੍ਰਿਕਟ, ਅੰਡਰ -19 ਕ੍ਰਿਕਟ, ਪੁਰਸ਼ ਕ੍ਰਿਕਟ, ਇੱਕ ਖਿਡਾਰੀ ਦੀ ਕਿਸੇ ਵੀ ਕ੍ਰਿਕਟ ਫਾਰਮੈਟ ਵਿੱਚ ਖੇਡਣ ਲਈ ਘੱਟੋ ਘੱਟ 15 ਸਾਲ ਦੀ ਉਮਰ ਹੋਣੀ ਚਾਹੀਦੀ ਹੈ।
ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਪਾਕਿਸਤਾਨ ਦਾ ਹਸਨ ਰਜ਼ਾ ਸੀ, ਜਿਸ ਨੇ ਆਪਣਾ ਪਹਿਲਾ ਮੈਚ 14 ਸਾਲ ਅਤੇ 227 ਦਿਨਾਂ ਦੀ ਉਮਰ’ ‘ਚ ਖੇਡਿਆ ਸੀ। ਰਜ਼ਾ ਨੇ 1996 ਤੋਂ 2005 ਦਰਮਿਆਨ ਪਾਕਿਸਤਾਨ ਲਈ 16 ਵਨਡੇ ਅਤੇ ਸੱਤ ਟੈਸਟ ਮੈਚ ਖੇਡੇ ਸਨ। ਭਾਰਤ ਲਈ ਟੈਸਟ ਮੈਚਾਂ ਵਿੱਚ ਡੈਬਿਊ ਕਰਨ ਵਾਲੇ ਸਭ ਤੋਂ ਛੋਟੇ ਖਿਡਾਰੀ ਸਚਿਨ ਤੇਂਦੁਲਕਰ ਸਨ, ਜਿਨ੍ਹਾਂ ਨੇ 16 ਸਾਲ ਅਤੇ 205 ਦਿਨਾਂ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪਰ ਧਰਿਆ ਸੀ।