Unemployed PTI teachers : ਸੰਗਰੂਰ ‘ਚ ਪੀ. ਟੀ. ਆਈ. ਬੇਰੋਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਘਰ ਸਾਹਮਣੇ ਧਰਨਾ ਲਗਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹਰੇਕ ਵਾਰ ਕੋਈ ਨਵਾਂ ਬਹਾਨਾ ਲਾ ਕੇ ਅਧਿਆਪਕਾਂ ਨੂੰ ਟਾਲ ਦਿੱਤਾ ਜਾਂਦਾ ਹੈ ਤੇ ਅਮਲ ‘ਚ ਕੁਝ ਵੀ ਨਹੀਂ ਲਿਆਂਦਾ ਜਾਂਦਾ। 4 ਵਿਅਕਤੀ BSNL ਟਾਵਰ ‘ਤੇ ਚੜ੍ਹਦੇ ਹੋਏ ਦੇਖੇ ਗਏ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਆਪਣਾ ਗੁੱਸਾ ਸਿੱਖਿਆ ਮੰਤਰੀ ਅੱਗੇ ਜ਼ਾਹਿਰ ਕਰ ਰਹੇ ਹਨ।
ਦੂਜੇ ਪਾਸੇ ਇਨ੍ਹਾਂ ਬੇਰੋਜ਼ਗਾਰ ETT ਅਧਿਆਪਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿੱਥੇ ਇਕ ਪਾਸੇ 626 ਅਧਿਆਪਕ ਲਗਾਤਾਰ ਆਪਣੀ ਨੌਕਰੀ ਲਈ ਲੜਾਈ ਲੜ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਉਂਝ ਤਾਂ ਕਿਹਾ ਜਾ ਰਿਹਾ ਹੈ ਕਿ ਪੰਜਾਬ ‘ਚ ਅਧਿਆਪਕਾਂ ਦੀ ਕਮੀ ਹੈ ਪਰ ਉਹ ਸਾਨੂੰ ਰੋਜ਼ਗਾਰ ਦੇਣ ਦੀ ਬਜਾਏ ਕੋਈ ਹੋਰ ਹੀ ਪੈਂਤਰਾ ਅਪਣਾ ਰਹੇ ਹਨ।
ਅਧਿਆਪਕਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਲਗਭਗ 1 ਸਾਲ ਤੋਂ ਉਨ੍ਹਾਂ ਤੋਂ ਮੰਗ ਪੱਤਰ ਲੈਂਦੇ ਹਨ ਤੇ ਉਨ੍ਹਾਂ ਮੰਗ ਪੱਤਰਾਂ ‘ਚ ਸਾਡਾ ਫੋਨ ਨੰਬਰ ਲਿਖਵਾ ਕੇ ਸਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਆਉਣ ਵਾਲੇ 10-15 ਦਿਨਾਂ ‘ਚ ਉਨ੍ਹਾਂ ਨੂੰ ਦੱਸ ਦਿੱਤਾ ਜਾਵੇਗਾ ਕਿ ਆਖਿਰ ਉਨ੍ਹਾਂ ਦੀ ਮੰਗ ਕਿਉਂ ਨਹੀਂ ਪੂਰੀ ਹੋ ਰਹੀ ਪਰ ਅੱਜ ਤੱਕ ਇਹ ਜਵਾਬ ਨਹੀਂ ਮਿਲ ਸਕਿਆ ਹੈ। ਇਸੇ ਕਾਰਨ ਅਧਿਆਪਕਾਂ ਵੱਲੋਂ ਸੰਗਰੂਰ ਵਿਖੇ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਉਨ੍ਹਾਂ ਬਾਰੇ ਨਹੀਂ ਸੋਚਣਗੇ ਤਾਂ ਆਉਣ ਵਾਲੇ ਸਮੇਂ ‘ਚ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਕਿਉਂਕਿ ਇਹ ਸਵਾਲ ਉੁਨ੍ਹਾਂ ਦੇ ਰੋਜ਼ਗਾਰ ਤੇ ਭਵਿੱਖ ਦਾ ਹੈ।
ਬੇਰੋਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੂੰ ਰੋਜ਼ਗਾਰ ਨਾ ਮਿਲਣ ਦਾ ਮਸਲਾ ਕਾਫੀ ਦੇਰ ਤੋਂ ਲਟਕ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਬੇਰੋਜ਼ਗਾਰ ਅਧਿਆਪਕਾਂ ਬਾਰੇ ਸੋਚੇ ਅਤੇ ਇਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।