Family members insist : ਬਠਿੰਡਾ : ਭਗਤਾ ਭਾਈ ਵਿਖੇ ਡੇਰਾ ਪ੍ਰੇਮੀ ਮਨਹੋਰ ਲਾਲ ਦੇ ਕਤਲ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ। ਕੱਲ ਐਤਵਾਰ ਨੂੰ ਵੀ ਸਲਾਬਤਪੁਰਾ ਦੇ ਡੇਰਾ ਪ੍ਰੇਮੀਆਂ ਨੇ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਪ੍ਰਦਰਸ਼ਨ ਕੀਤਾ। ਐੱਸ. ਡੀ. ਐੱਮ. ਅਤੇ ਐੱਸ. ਐੱਸ. ਪੀ. ਨੇ ਡੇਰੇ ਦੀ 45 ਮੈਂਬਰੀ ਕਮੇਟੀ ਨਾਲ ਗੱਲਬਾਤ ਕੀਤੀ ਪਰ ਕੋਈ ਸਿੱਟਾ ਨਹੀਂ ਨਿਕਲਿਆ। ਕਮੇਟੀ ਦੇ ਮੈਂਬਰਾਂ ਨੇ ਪੁਲਿਸ ਨੂੰ ਸਪੱਸ਼ਟ ਕੀਤਾ ਕਿ ਪੁਲਿਸ ਪਹਿਲਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ। ਪੁਲਿਸ ਨੇ ਜਿੰਮੀ ਨੂੰ ਦੋ ਗੰਨਮੈਨ ਦੇਣ ਦੀ ਪੇਸ਼ਕਸ਼ ਕੀਤੀ ਪਰ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਠੁਕਰਾ ਦਿੱਤਾ। ਜਿੰਮੀ ਨੇ ਕਿਹਾ ਕਿ ਪੂਰੇ ਪਰਿਵਾਰ ਤੇ ਰਿਸ਼ਤੇਦਾਰ ਨੂੰ ਜਾਨ ਦਾ ਖਤਰਾ ਹੈ। ਇਸ ਲਈ ਉਹ ਡੇਰੇ ਦੇ ਅੰਦਰ ਨਹੀਂ ਹਨ। ਡੇਰੇ ਨੇ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣ ਤੇ ਸਸਕਾਰ ਨਾ ਕਰਨ ਦਾ ਫੈਸਲਾ ਲਿਆ ਹੈ। ਸੁੱਖਾ ਗਿੱਲ ਲੰਮਾ ਗਰੁੱਪ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀ ਜਤਿੰਦਰਬੀਰ ਸਿੰਘ ਉਰਫ ਜਿੰਮੀ ਦੀ ਭਗਤਾ ਭਾਈਕਾ ਦੇ ਬੱਸ ਅੱਡੇ ਨੇੜੇ ਮਨੀਚੇਂਜਰ ਦੀ ਦੁਕਾਨ ਹੈ। ਇਥੇ ਉਸ ਦੇ ਪਿਤਾ ਮਨੋਹਰ ਲਾਲ ਬੈਠੇ ਹੋਏ ਸਨ। ਸ਼ੁੱਕਰਵਾਰ ਸ਼ਾਮ ਲਗਭਗ ਪੰਜ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਦੁਕਾਨ ‘ਤੇ ਆਏ ਅਤੇ ਮਨੋਹਰ ਲਾਲ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੂਰੀ ਘਟਨਾ ਨੂੰ ਉਨ੍ਹਾਂ ਨੇ ਸਿਰਫ 45 ਸੈਕੰਡ ‘ਚ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਦਿਆਲਪੁਰਾ ਦੀ ਪੁਲਿਸ ਮੌਕੇ ’ਤੇ ਪਹੁੰਚੀ। ਹਮਲਾਵਰ ਵੱਲੋਂ ਚਾਰ ਫਾਇਰ ਕੀਤੇ ਗਏ ਸਨ। ਇੱਕ ਗੋਲੀ ਮਨੋਹਰ ਲਾਲ ਦੇ ਸਿਰ ‘ਚ ਲੱਗੀ ਸੀ ਤੇ ਦੂਜੀ ਉਸ ਦੀ ਬਾਂਹ ‘ਚ। ਸਿਰ ‘ਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਡੇਰਾ ਪ੍ਰੇਮੀਆਂ ਦੇ ਜ਼ਿਆਦਾਤਰ ਕਤਲ ਮਾਮਲਿਆਂ ‘ਚ ਹੋਈਆਂ ਗ੍ਰਿਫਤਾਰੀਆਂ ਤੋਂ ਡੇਰਾ ਸੰਤੁਸ਼ਟ ਨਹੀਂ ਹੈ। ਇਸ ਕਾਰਨ ਡੇਰਾ ਕਮੇਟੀ ‘ਚ ਸਰਕਾਰ ਤੇ ਪੁਲਿਸ ਪ੍ਰਤੀ ਵਿਸ਼ਵਾਸ ਕੁਝ ਘੱਟ ਦਿਖ ਰਿਹਾ ਹੈ। ਡੇਰਾ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ। 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਗੰਭੀਰਤਾ ਦਿਖਾ ਰਿਹਾ ਹੈ ਪਰ ਇਸ ਕੇਸ ‘ਚ ਕਾਰਵਾਈ ਹੋਣਾ ਜ਼ਰੂਰੀ ਹੈ। SSP ਭੁਪਿੰਦਰਜੀਤ ਸਿੰਘ ਵਿਰਕ ਦੀ ਡੇਰਾ ਸੱਚਾ ਸੌਦਾ ਸਿਰਸਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਸਮੇਤ 8 ਕਮੇਟੀ ਮੈਂਬਰਾਂ ਤੋਂ ਲਗਭਗ ਡੇਢ ਘੰਟਾ ਬੰਦ ਕਮਰੇ ‘ਚ ਗੱਲਬਾਤ ਵੀ ਹੋਈ ਜੋ ਕਾਫੀ ਸਾਕਾਰਾਤਮਕ ਦਿਖੀ।