The health department : ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਮੋਹਾਲੀ ਸਮੇਤ ਪੂਰੇ ਪੰਜਾਬ ‘ਚ 407 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਜਿਸ ਨਾਲ ਕੋਰੋਨਾ ਦੀ ਦੂਜੀ ਲਹਿਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਹਾਲਾਂਕਿ ਸੂਬੇ ਨੇ ਸ਼ੁਰੂਆਤੀ ਦੌਰ ‘ਚ ਹੀ ਲੈਵਲ-3 ਪੱਧਰ ਦੇ ਇੰਤਜ਼ਾਮ ਕਰ ਲਏ ਸਨ ਫਿਰ ਲੈਵਲ-2 ਨੂੰ ਲੈ ਕੇ ਸਿਹਤ ਵਿਭਾਗ ਗੰਭੀਰ ਹੈ। ਸਰਕਾਰੀ ਤੇ ਨਿੱਜੀ ਦਫਤਰਾਂ ਦੇ ਮੁਲਾਜ਼ਮਾਂ ਦੀ ਨਿਯਮਿਤ ਜਾਂਚ ਨਾਲ ਘਰਾਂ ਤੱਕ ਜ਼ਰੂਰੀ ਸਾਮਾਨ ਦੀ ਪੂਰਤੀ ਕਰਨ ਵਾਲਿਆਂ ਦੀ ਕੋਰੋਨਾ ਜਾਂਚ ਨਿਸ਼ਿਚਤ ਕਰਨ ਦੀ ਰਣਨੀਤੀ ਤਿਆਰ ਹੈ ਅਤੇ ਇਸ ‘ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਮੋਹਾਲੀ ‘ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣ ਲੱਗੇ ਹਨ। ਸਿਰਫ ਮੋਹਾਲੀ ਹੀ ਨਹੀਂ ਸਗੋਂ ਪੂਰੇ ਸੂਬੇ ‘ਚ ਕੋਰੋਨਾ ਦੇ ਮਾਮਲੇ ਫਿਰ ਇੱਕ ਵਾਰ ਵਧਣ ਲੱਗੇ ਹਨ।
ਸੂਬੇ ‘ਚ 407 ਨਵੇਂ ਡਾਕਟਰਾਂ ਦੀ ਭਰਤੀ ਕੀਤੀ ਗਈ। ਇਨ੍ਹਾਂ ‘ਚੋਂ 107 ਮਾਹਿਰ ਡਾਕਟਰਾਂ ਦੀ ਨਵੀਂ ਭਰਤੀ ਕਰਨ ਦੇ ਨਾਲ ਹੀ 300 ਮੈਡੀਕਲ ਅਧਿਕਾਰੀ ਦੀ ਵੀ ਭਰਤੀ ਕੀਤੀ ਗਈ ਹੈ ਜੋ ਰਾਜ ਦੇ ਮੈਡੀਕਲ ਕਾਲਜਾਂ ਤੇ ਸਿਵਲ ਹਸਪਤਾਲਾਂ ‘ਚ ਆਪਣੀਆਂ ਸੇਵਾਵਾਂ ਦੇਣਗੇ। ਨਵੇਂ ਡਾਕਟਰਾਂ ਨੂੰ ਇਸ ਮੁਹਿੰਮ ‘ਚ ਸ਼ਾਮਲ ਕਰਨ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਦੀ ਭਰਤੀ ਪ੍ਰਕਿਰਿਆ ਵੀ ਚੱਲ ਰਹੀ ਹੈ ਜੋ ਆਖਰੀ ਪੜਾਅ ‘ਚ ਹੈ। ਜਲਦ ਹੀ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ। ਕੋਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਸਰਕਾਰੀ ਦਫਤਰਾਂ ‘ਚ ਪਬਲਿਕ ਡੀਲਿੰਗ ਸੰਭਾਲਣ ਵਾਲੇ ਮੁਲਾਜ਼ਮਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇਗਾ। ਮੋਹਾਲੀ ਦੇ ਸਿਵਲ ਸਰਜਨ ਤੇ ਡੀ. ਸੀ. ਸਮੇਤ ਪੂਰੇ ਸੂਬੇ ‘ਚ ਅਧਿਕਾਰੀਆਂ ਨੂੰ ਨਿੱਜੀ ਖੇਤਰਾਂ ‘ਤੇ ਵੀ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ। ਸਰਕਾਰੀ ਤੇ ਅਰਧ ਸਰਕਾਰੀ ਦਫਤਰਾਂ ‘ਚ ਪਬਲਿਕ ਡੀਲਿੰਗ ਕਰਨ ਵਾਲਿਆਂ ਦੀ ਤਰ੍ਹਾਂ ਨਿੱਜੀ ਖੇਤਰਾਂ ਦੇ ਦਫਤਰਾਂ ‘ਚ ਵੀ ਪਬਲਿਕ ਡੀਲਿੰਗ ਕਰਨ ਵਾਲੇ ਮੁਲਾਜ਼ਮਾਂ ਨੂੰ ਨਿਯਮਿਤ ਕੋਰੋਨਾ ਜਾਂਚ ਦੀ ਹਦਾਇਤ ਕੀਤੀ ਗਈ ਹੈ।
ਪੰਜਾਬ ਸਰਕਾਰ ਪਹਿਲਾਂ ਹੀ ਕੋਰੋਨਾ ਨਾਲ ਨਿਪਟਣ ਲਈ ਭਵਿੱਖ ਦੀ ਰਣਨੀਤੀ ਬਣਾ ਚੁੱਕੀ ਹੈ। ਦੂਜੀ ਲਹਿਰ ਨੂੰ ਸੰਭਾਲ ਲਈ ਸਿਹਤ ਵਿਭਾਗ ਚਿੰਤਤ ਨਹੀਂ ਹੈ। ਪਹਿਲੀ ਲਹਿਰ ‘ਤੇ ਕਾਬੂ ਪਾਉਣ ਦੇ ਨਾਲ ਹੀ ਆਈਸੋਲੇਸ਼ਨ ਸੈਂਟਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਆਈਸੋਲੇਸ਼ਨ ਸੈਂਟਰਾਂ ‘ਚ ਲੈਵਲ-1 ਦੀ ਆਈਸੋਲੇਸ਼ਨ ਸਹੂਲਤ ਹੀ ਮੌਜੂਦ ਸੀ ਜੋ ਸਾਧਾਰਨ ਤੌਰ ‘ਤੇ ਇੰਫੈਕਟਿਡ ਵਿਅਕਤੀ ਨੂੰ ਆਪਣੇ ਘਰ ‘ਚ ਹੀ ਉਪਲਬਧ ਹੋ ਜਾਂਦੀ ਹੈ। ਮੋਹਾਲੀ ‘ਚ 24 ਘੰਟੇ ਕੋਰੋਨਾ ਜਾਂਚ ਸਹੂਲਤ ਵਾਲਾ ਕੇਂਦਰ ਸਿਵਲ ਹਸਪਤਾਲ ‘ਚ ਬਣਾਇਆ ਜਾ ਚੁੱਕਾ ਹੈ ਤੇ ਨਾਲ ਹੀ ਡਰਾਈਵ ਥਰੂਅ ਜਾਂਚ ਕੇਂਦਰ ਦੀ ਸਹੂਲਤ ਵੀ ਮੋਹਾਲੀ ‘ਚ ਉਪਲਬਧ ਹੈ ਜਦੋਂ ਕਿ ਸਰਕਾਰੀ ਸਿਹਤ ਕੇਂਦਰਾਂ ਤੇ ਨਿੱਜੀ ਹਸਪਤਾਲਾਂ ‘ਚ ਜਾਂਚ ਦੀ ਸਹੂਲਤ ਮੌਜੂਦ ਹੈ। ਇਸੇ ਤਰਜ ‘ਤੇ ਪੂਰੇ ਸੂਬੇ ‘ਚ ਇੰਤਜ਼ਾਮ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਰੇਲਵੇ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਹੈ ਰੇਲਾਂ ਦੀ ਆਵਾਜਾਈ