9th and 12th exams : ਫਰੀਦਕੋਟ : ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਦੇ ਦਸੰਬਰ ਦੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਹ ਟੈਸਟ 7 ਤੋਂ 24 ਦਸੰਬਰ ਤੱਕ ਸ਼ੁਰੂ ਹੋਣਗੇ। ਡੇਟਸ਼ੀਟ ਮੁਤਾਬਕ ਪਹਿਲੀ ਤੋਂ ਅੱਠਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਦਾ ਮੁਲਾਂਕਣ ਆਨਲਾਈਨ ਟੈਸਟ ਦੇ ਅਧਾਰ ’ਤੇ ਕੀਤਾ ਜਾਵੇਗਾ, ਜਦਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਆਪਣੇ ਸਕੂਲ ਵਿੱਚ ਆਫਲਾਈਨ ਹੀ ਪ੍ਰੀਖਿਆ ਦੇਣਗੇ।
ਇਸ ਸੰਬੰਧੀ ਸਟੇਟ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.) ਨੇ ਬੁੱਧਵਾਰ ਨੂੰ ਸੂਬੇ ਦੇ ਸਮੂਹ ਪ੍ਰਾਇਮਰੀ, ਉੱਚ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਮੱਧ-ਅਵਧੀ ਦਸੰਬਰ ਦੀਆਂ ਪ੍ਰੀਖਿਆਵਾਂ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ.ਈ.ਓ.) ਨੂੰ ਨਿਰਦੇਸ਼ ਜਾਰੀ ਕੀਤੇ। ਐਸਸੀਈਆਰਟੀ ਨੇ ਇਨ੍ਹਾਂ ਟੈਸਟਾਂ ਦੀ ਡੇਟਸ਼ੀਟ ਵੀ ਜਾਰੀ ਕੀਤੀ ਹੈ। ਡੇਟਸ਼ੀਟ ਅਨੁਸਾਰ ਪਹਿਲੀ ਤੋਂ 5ਵੀਂ ਕਲਾਸਾਂ ਦੀ ਆਨਲਾਈਨ ਪ੍ਰੀਖਿਆ 15 ਦਸੰਬਰ ਤੋਂ 19 ਦਸੰਬਰ ਤੱਕ ਲਈ ਜਾਏਗੀ। ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਾ ਸਮਾਂ 7 ਦਸੰਬਰ ਤੋਂ 24 ਦਸੰਬਰ ਤੱਕ ਨਿਰਧਾਰਤ ਕੀਤਾ ਗਿਆ ਹੈ। ਹਾਲਾਂਕਿ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੀਆਂ ਇਹ ਪ੍ਰੀਖਿਆਵਾਂ ਗੂਗਲ ਕੁਇਜ਼ ‘ਤੇ ਆਨਲਾਈਨ ਲਈਆਂ ਜਾਣਗੀਆਂ।
ਐਸਸੀਈਆਰਟੀ ਨੇ ਕੋਵਿਡ -19 ਸੰਕਟ ਦੇ ਮੱਦੇਨਜ਼ਰ ਸਾਰੀਆਂ ਕਲਾਸਾਂ ਲਈ ਸਿਲੇਬਸ ਪਹਿਲਾਂ ਹੀ ਘਟਾ ਦਿੱਤਾ ਹੈ। ਇਹ ਸਿਲੇਬਸ ਮਾਹਿਰਾਂ ਦੀ ਕਮੇਟੀ ਦੀ ਸਿਫਾਰਸ਼ ਦੇ ਅਧਾਰ ‘ਤੇ ਘਟਾਇਆ ਗਿਆ ਹੈ। ਐਸਸੀਈਆਰਟੀ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ 9ਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਰਕਾਰੀ ਸਕੂਲ ਖੋਲ੍ਹਣ ਦੇ ਬਾਵਜੂਦ ਬਹੁਤੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਮਾੜੀ ਹੈ। ਲਗਭਗ 10 ਤੋਂ 15 ਫੀਸਦੀ ਵਿਦਿਆਰਥੀ ਸਕੂਲਾਂ ਵਿਚ ਆ ਰਹੇ ਹਨ। ਇਸ ਲਈ ਸਕੂਲ ਵਿੱਚ ਨੌਵੀਂ ਜਮਾਤ ਤੇ ਬਾਰ੍ਹਵੀਂ ਜਮਾਤ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਵਿੱਚ ਬੁਲਾਉਣ ਦੇ ਉਦੇਸ਼ ਨਾਲ ਇਨ੍ਹਾਂ ਵਿਦਿਆਰਥੀਆਂ ਲਈ ਆਫਲਾਈਨ ਪ੍ਰੀਖਿਆ ਕਰਾਉਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ 23 ਮਾਰਚ ਤੋਂ ਸੂਬੇ ਦੇ ਸਾਰੇ ਸਕੂਲ ਬੰਦ ਕੀਤੇ ਗਏ ਸਨ ਉਦੋਂ ਤੋਂ ਆਨਲਾਈਨ ਪੜ੍ਹਾਈ ਹੋ ਰਹੀ ਹੈ। ਸਕੂਲ ਸਿੱਖਿਆ ਵਿਭਾਗ ਚਾਹੁੰਦਾ ਹੈ ਕਿ ਇਹ ਵਿਦਿਆਰਥੀ ਸਕੂਲਾਂ ਵਿਚ ਦਸੰਬਰ ਦੀਆਂ ਪ੍ਰੀਖਿਆਵਾਂ ਦੇ ਨਾਲ ਆਪਣੀਆਂ ਆਫ਼ਲਾਈਨ ਕਲਾਸਾਂ ਵਿਚ ਰੈਗੂਲਰ ਆਉਣ ਤਾਂਜੋ ਉਹ ਮਾਰਚ, 2021 ਵਿਚ ਅੰਤਿਮ ਪ੍ਰੀਖਿਆਵਾਂ ਵੀ ਦੇ ਸਕਣ। ਇਮਤਿਹਾਨ ਦਾ ਉੇਦੇਸ਼ ਇਹ ਪਤਾ ਲਗਾਉਣਾ ਹੈ ਕਿ ਵਿਦਿਆਰਥੀ ਕਈ ਮਹੀਨਿਆਂ ਦੀ ਆਨਲਾਈਨ ਪੜ੍ਹਾਈ ਤੋਂ ਬਾਅਦ ਕਿੰਨਾ ਕੁ ਸਿੱਖੇ ਹਨ।