Punjab farmers to march to Delhi: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਅਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਵਿਸ਼ਾਲ ਪ੍ਰਦਰਸ਼ਨ ਹੋਣ ਜਾ ਰਿਹਾ ਹੈ । ਇਹ ਕਿਸਾਨ ਹਾਲ ਹੀ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ । ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਹਜ਼ਾਰਾਂ ਕਿਸਾਨ ਅੱਜ ਦਿੱਲੀ ਵਿੱਚ ਪ੍ਰਦਰਸ਼ਨ ਕਰਨਗੇ ।
ਦਿੱਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ-ਹਰਿਆਣਾ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ । ਉੱਥੇ ਹੀ ਹਰਿਆਣਾ ਨੇ ਪੰਜਾਬ ਨਾਲ ਲੱਗਦੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਹੈ । ਅੰਬਾਲਾ ਵਿੱਚ ਕਿਸਾਨਾਂ ‘ਤੇ ਪਾਣੀ ਦੀ ਬੌਛਾਰ ਕੀਤੀ ਗਈ, ਫਿਰ ਵੀ ਕਿਸਾਨਾਂ ਦਾ ਕਾਫਲਾ ਅੱਗੇ ਵੱਧ ਗਿਆ ਹੈ । ਹਾਲਾਂਕਿ, ਵੱਡੀ ਗਿਣਤੀ ਵਿੱਚ ਹੋਰ ਵੀ ਕਿਸਾਨ ਦਿੱਲੀ ਕੂਚ ਲਈ ਤਿਆਰ ਹਨ। ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਨਾਲ ਲੱਗਦੀ ਸਰਹੱਦ 2 ਦਿਨਾਂ ਲਈ ਸੀਲ ਰਹੇਗੀ।
ਉੱਥੇ ਹੀ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਵੀ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਹੈ । ਪੁਲਿਸ ਨੇ ਰਾਜਧਾਨੀ ਵਿੱਚ ਪ੍ਰਦਰਸ਼ਨ ਕਰਨ ਲਈ ਕਿਸਾਨ ਜੱਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ । ਦਿੱਲੀ ਪੁਲਿਸ ਨੇ ਕਿਹਾ ਹੈ ਕਿ ਸੰਕ੍ਰਮਣ ਦੇ ਦੌਰ ਵਿੱਚ ਜੇਕਰ ਕਿਸਾਨ ਦਿੱਲੀ ਵਿੱਚ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਮੈਟਰੋ ਨੇ ਆਪਣੀ ਟਾਈਮਿੰਗ ਵਿੱਚ ਕੁਝ ਬਦਲਾਅ ਕੀਤੇ ਹਨ। ਇਸ ਕਾਰਨ ਦੁਪਹਿਰ 2 ਵਜੇ ਤੱਕ ਦਿੱਲੀ ਤੋਂ ਨੋਇਡਾ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਤੱਕ ਮੈਟਰੋ ਸੇਵਾਵਾਂ ‘ਤੇ ਬਰੇਕ ਰਹੇਗੀ । ਦਿੱਲੀ ਮੈਟਰੋ ਨੇ ਦੇਰ ਸ਼ਾਮ ਨੂੰ ਕਿਹਾ ਕਿ ਦਿੱਲੀ ਤੋਂ ਲਾਗਲੇ ਸ਼ਹਿਰਾਂ ਲਈ ਮੈਟਰੋ ਸੇਵਾ ਦੁਪਹਿਰ 2 ਵਜੇ ਤੱਕ ਬੰਦ ਰਹੇਗੀ । ਡੀਐਮਆਰਸੀ ਅਨੁਸਾਰ ਬਲੂ ਲਾਈਨ ‘ਤੇ ਅੱਜ ਸਵੇਰ ਤੋਂ ਦੁਪਹਿਰ ਦੋ ਵਜੇ ਤੱਕ ਆਨੰਦ ਵਿਹਾਰ ਤੋਂ ਵੈਸ਼ਾਲੀ ਅਤੇ ਨਿਊ ਅਸ਼ੋਕ ਨਗਰ ਤੋਂ ਨੋਇਡਾ ਸਿਟੀ ਸੈਂਟਰ ਤੱਕ ਮੈਟਰੋ ਦੀਆਂ ਸੇਵਾਵਾਂ ਬੰਦ ਰਹਿਣਗੀਆਂ ।
ਦੱਸ ਦੇਈਏ ਕਿ ਕਿਸਾਨਾਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਭਾਜਪਾ ਸ਼ਾਸਤ ਹਰਿਆਣਾ ਵਿੱਚ ਕਈ ਥਾਵਾਂ ‘ਤੇ ਧਾਰਾ-144 ਲਾਗੂ ਕੀਤੀ ਗਈ ਹੈ । ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਪੰਜਾਬ ਲਈ ਬੱਸ ਸੇਵਾ ਵੀ 26 ਅਤੇ 27 ਨਵੰਬਰ ਨੂੰ ਰੋਕ ਦਿੱਤੀ ਗਈ ਹੈ । ਚੰਡੀਗੜ੍ਹ ਤੋਂ ਹਰਿਆਣਾ ਆਉਣ ਵਾਲੀ ਬੱਸ ਸੇਵਾ ਨੂੰ ਵੀ ਦੋ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਤੋਂ ਕਿਸਾਨ ਦਿੱਲੀ ਨਾ ਆ ਸਕਣ । ਹਾਲਾਂਕਿ ਕਿਸਾਨਾਂ ਦਾ ਕਾਫ਼ਿਲਾ ਦਿੱਲੀ ਲਈ ਕੂਚ ਕਰ ਚੁੱਕਿਆ ਹੈ ।
ਇਹ ਵੀ ਦੇਖੋ: ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਕੰਡਿਆਲੀਆਂ ਤਾਰਾਂ ਤੇ ਭਾਰੀ ਪੱਥਰਾਂ ਨਾਲ ਰੋਕਿਆ ਰਾਹ