Bhai Mardana Ji : ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਸਾਥੀ ਸਨ ਜਿਨ੍ਹਾਂ ਨੇ ਸਭ ਤੋਂ ਵੱਧ ਸਮਾਂ ਬਾਬਾ ਜੀ ਨਾਲ ਬਤੀਤ ਕੀਤਾ। ਭਾਈ ਮਰਦਾਨਾ ਜੀ ਵਿੱਚ ਰਬਾਬ ਵਜਾਉਣ ਦਾ ਇੱਕ ਖਾਸ ਗੁਣ ਸੀ ਉਹ ਸਿੱਖੀ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ। ਬਾਬਾ ਨਾਨਕ ਦੀ ਗੱਲ ਹੋਵੇ ਤਾਂ ਭਾਈ ਮਰਦਾਨਾ ਜੀ ਦਾ ਨਾਂ ਨਾ ਆਵੇ ਇਹ ਹੋ ਨਹੀਂ ਸਕਦਾ। ਗੁਰੂ ਨਾਨਕ ਦੇ ਇਸ ਸਾਥੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਵੀ ਕੀਤਾ: “ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ।”
ਭਾਈ ਮਰਦਾਨਾ ਜੀ ਦਾ ਜਨਮ ਪਿਤਾ ਭਾਈ ਬਦਰੇ ਜੀ ਤੇ ਮਾਤਾ ਮਾਈ ਲੱਖੋ ਜੀ ਦੇ ਗ੍ਰਹਿ ਤਲਵੰਡੀ ਸੰਨ 1459 ਈ: ਵਿੱਚ ਹੋਇਆ। ਉਨ੍ਹਾਂ ਦਾ ਨਾਂ ‘ਦਾਨਾ’ ਸੀ। ‘ਮਰਦਾਨਾ’ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਮਿਲਿਆ ਖਿਤਾਬ ਸੀ।ਭਾਈ ਮਰਦਾਨਾ ਜੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡੇ ਸਨ। ਭਾਈ ਮਨੀ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦਾ ਮੇਲ ਤਲਵੰਡੀ ਵਿਖੇ ਹੀ ਹੋਇਆ ਦੱਸਿਆ ਹੈ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨਾਲ ਲਗਭਗ ਕੋਈ 54 ਸਾਲ ਦਾ ਸਮਾਂ ਬਤੀਤ ਕੀਤਾ। ਤਲਵੰਡੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਇੱਕ ਬ੍ਰਿਛ ਹੇਠ ਅਰਾਮ ਕਰ ਰਹੇ ਸਨ, ਦੂਜੇ ਪਾਸਿਓਂ ਰਬਾਬ ਵਜਾਉਣ ਦੀ ਅਵਾਜ਼ ਕੰਨੀ ਪਈ, ਜਿਥੇ ਬਾਬਾ ਜੀ ਤੇ ਭਾਈ ਮਰਦਾਨਾ ਦੀ ਭੇਟਾ ਹੋਈ। ਗੁਰੂ ਜੀ ਉਸ ਪਾਸੇ ਨੂੰ ਹੋ ਤੁਰੇ। ਕੋਲ ਜਾ ਕੇ ਪੁੱਛਿਆ, ‘ਭਾਈ, ਤੇਰਾ ਨਾਉਂ ਕਿਆ ਹੈ?’ ਤਾਂ ਅੱਗੋਂ ਰਬਾਬ ਵਜਾਉਣ ਵਾਲੇ ਨੇ ਜਵਾਬ ਦਿੱਤਾ ਕਿ , ‘ਜੀ ਮੇਰਾ ਨਾਉ ‘ਦਾਨਾ’, ਲੋਕ ਮਰਾਸੀ ਕਹਿੰਦੇ ਹਨ।’ ਗੁਰੂ ਜੀ ਨੇ ਕਿਹਾ- ‘ਤੂੰ ਰਬਾਬ ਭਲਾ ਵਜਾਇੰਦਾ ਹੈਂ, ਤੇ ਤੈਨੂੰ ਰਾਗਾਂ ਦੀ ਭਲੀ ਸੋਝੀ ਹੈ, ਪਰ ਜੇ ਤੂੰ ਅਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾਇਕੈ ਗਾਵੈਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਕਰੀਏ’, ਤਾਂ ਦਾਨਾ ਜੀ ਨੇ ਕਿਹਾ , ‘ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾਇਕੈ ਚਾਰ ਪੈਸੇ ਕਮਾਉਂਦੇ ਹਾਂ, ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ। ਤੇਰੇ ਨਾਲ ਜਾ ਕੇ ਬਾਬਾ ਬੱਚੇ ਭੁੱਖੇ ਮਰ ਜਾਣਗੇ।
ਬਾਬਾ ਨਾਨਕ ਜੀ ਨੇ ਮਰਦਾਨੇ ਨੂੰ ਸਮਝਾਇਆ ਕਿ ‘ਸਭ ਦਾ ਪਾਲਣਹਾਰ ਮਰਦਾਨਿਆਂ ਈਸ਼ਵਰ ਹੈ। ਜਦ ਤੇਰਾ ਦਰਗਾਹ ਵਿੱਚ ਲੇਖਾ ਹੋਵੇਗਾ ਤਾਂ ਕਿਸੇ ਨੇ ਤੇਰੀ ਹਾਮੀ ਨਹੀ ਭਰਨੀ। ਜੇ ਸਾਡੇ ਨਾਲ ਚੱਲੇਗਾ ਤਾਂ ਤੇਰੇ ਦੋਵੇਂ ਲੋਕਾਂ ਦਾ ਕਾਰਜ ਹੋਵੇਗਾ।ਇੰਨੀ ਗੱਲ ਸੁਣ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਤੁਰ ਪਏ। ਭਾਈ ਮਰਦਾਨਾ ਜੀ ਨੇ ਬਾਬੇ ਨਾਨਕ ਜੀ ਦੀ ਹਰ ਗੱਲ ਮੰਨੀਂ। ਸੱਚ ਤੇ ਪਹਿਰਾ ਦਿੱਤਾ। ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਹੀ ਰੂਪ ਬਣਾ ਦਿੱਤਾ।ਦੋਵਾਂ ਵਿੱਚ ਕੋਈ ਅੰਤਰ ਨਹੀ ਰਹਿ ਗਿਆ ਸੀ। ਭਾਈ ਮਰਦਾਨਾ ਜੀ ਦਾ ਅੰਤ ਸਮਾਂ ਨੇੜੇ ਆਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ‘ਮਰਦਾਨਿਆ! ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰੀਏ।’ ਇੰਨਾ ਸੁਣ ਕੇ ਭਾਈ ਮਰਦਾਨਾ ਜੀ ਗੰਭੀਰ ਹੋ ਕੇ ਬੋਲੇ ਕਿ ‘ ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਂਵਦੇ ਹੋ।’ ਬਾਬੇ ਨੇ ਮਰਦਾਨੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਕਿਹਾ ‘ਤੂੰ ਬ੍ਰਹਮ ਨੂੰ ਪਛਾਣ ਲਿਆ ਹੈ।’ ਪ੍ਰਿੰ: ਸਤਿਬੀਰ ਸਿੰਘ ਜੀ ਲਿੱਖਦੇ ਹਨ ਕਿ ਭਾਈ ਮਰਦਾਨਾ ਜੀ ਦਾ ਦੇਹਾਂਤ 1534 ਈ: ਨੂੰ ਕਰਤਾਰਪੁਰ ਵਿੱਚ ਹੋਇਆ। ਜਗਤ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਭਾਈ ਮਰਦਾਨਾ ਜੀ ਦੀ ਦੇਹ ਦਾ ਸਸਕਾਰ ਕੀਤਾ।