Suicide by former national volleyball captain : ਪਟਿਆਲਾ : ਵਾਲੀਬਾਲ ਰਾਸ਼ਟਰੀ ਟੀਮ ਵਿਚ ਕਪਤਾਨ ਰਹਿ ਚੁੱਕੀ 24 ਸਾਲਾ ਮਨਪ੍ਰੀਤ ਕੌਰ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਖੌਫਨਾਕ ਕਦਮ ਚੁੱਕਦਿਆਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਕੀਤਾ ਜਾ ਰਿਹਾ ਸੀ। ਪੁਲਿਸ ਨੇ ਉਸ ਦੇ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ ਅਤੇ ਸਹੁਰਾ ਹਰਜਿੰਦਰ ਸਿੰਘ ਨਿਵਾਸੀ ਪਿੰਡ ਸਵਾਜਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੱਸਣਯੋਗ ਹੈ ਕਿ ਮਨਪ੍ਰੀਤ ਕੌਰ ਨੇ 2012 ਵਿਚ ਕੇਰਲਾ ਅਤੇ 2014 ਵਿਚ ਹਿਮਾਚਲ ਪ੍ਰਦੇਸ਼ ਵਿਚ ਹੋਏ ਨੈਸ਼ਨਲ ਵਾਲੀਬਾਲ ਟੂਰਨਾਮੈਂਟ ਵਿਚ ਨੈਸ਼ਨਲ ਟੀਮ ਦੀ ਪ੍ਰਤੀਨਿਧਤਾ ਕੀਤੀ ਸੀ। ਮਨਪ੍ਰੀਤ ਕੌਰ ਦੇ ਪਿਤਾ ਗੁਰਤੇਜ ਸਿੰਘ ਨਿਵਾਸੀ ਪਿੰਡ ਬਿਸ਼ਨਪੁਰਾ ਥਾਣਾ ਖਨੌਰੀ ਨੇ ਦੱਸਿਆ ਕਿ ਉਸ ਦੀ ਲੜਕੀ ਮਨਪ੍ਰੀਤ ਕੌਰ ਦਾ ਵਿਆਹ ਜਨਵਰੀ 2019 ਵਿੱਚ ਪ੍ਰਭਜੋਤ ਸਿੰਘ ਨਾਲ ਹੋਇਆ ਸੀ। ਪਿਤਾ ਦੇ ਅਨੁਸਾਰ ਵਿਆਹ ਵਿੱਚ ਉਸਨੇ ਧੀ ਦੇ ਸਹੁਰੇ ਪਰਿਵਾਰ ਨੂੰ 25 ਲੱਖ ਰੁਪਏ ਦਿੱਤੇ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਉਸ ਦਾ ਸਹੁਰਾ ਪਰਿਵਾਰ ਲੜਕੀ ਨੂੰ ਫਰਨੀਚਰ ਅਤੇ ਕਾਰ ਲਿਆਉਣ ਲਈ ਪ੍ਰੇਸ਼ਾਨ ਕਰਨ ਲੱਗੇ। ਪਹਿਲਾਂ ਉਹ ਸੱਸ-ਸਹੁਰੇ ਪਰਿਵਾਰ ਦੀਆਂ ਮੰਗਾਂ ਨੂੰ ਮੰਨਦੇ ਰਹੇ ਪਰ ਬਾਅਦ ਵਿਚ ਜਦੋਂ ਉਨ੍ਹਾਂ ਨੇ ਮਨਪ੍ਰੀਤ ਨੂੰ ਵਧੇਰੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਪੰਚਾਇਤ ਬੁਲਾ ਲਈ ਅਤੇ ਦੋ ਵਾਰ ਪੰਚਾਇਤੀ ਫੈਸਲਾ ਵੀ ਕੀਤਾ ਗਿਆ। ਉਸਨੇ ਦੋਸ਼ ਲਾਇਆ ਕਿ ਦਾਜ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਉਸਦਾ ਸਹੁਰੇ ਪਰਿਵਾਰ ਉਸਦੀ ਲੜਕੀ ਨੂੰ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਕੌਰ ਅਤੇ ਪ੍ਰਭਜੋਤ ਸਿੰਘ ਵਿਆਹ ਤੋਂ ਬਾਅਦ ਆਸਟਰੇਲੀਆ ਗਏ ਸਨ। ਆਸਟਰੇਲੀਆ ਵਿਚ ਤਕਰੀਬਨ ਅੱਠ-ਨੌਂ ਮਹੀਨਿਆਂ ਬਾਅਦ, ਦੋਵੇਂ ਕੋਰੋਨਾ ਕਾਰਨ ਹੋਏ ਲੌਕਡਾਊਨ ਕਾਰਨ ਵਾਪਸ ਪੰਜਾਬ ਆ ਗਏ, ਜਿਸ ਤੋਂ ਬਾਅਦ ਮਨਪ੍ਰੀਤ ਕੌਰ ਵਾਪਸ ਆ ਕੇ ਆਈਲੈਟਸ ਦੀ ਦੁਬਾਰਾ ਪ੍ਰੀਖਿਆ ਦਿੱਤੀ ਅਤੇ ਸਾਢੇ ਸੱਤ ਬੈਂਡ ਹਾਸਲ ਕੀਤੇ ਅਤੇ ਕੈਨੇਡਾ ਦਾ ਸਟੱਡੀ ਵੀਜ਼ਾ ਵੀ ਲਿਆ। ਅਗਲੇ ਕੁਝ ਦਿਨਾਂ ਵਿੱਚ ਮਨਪ੍ਰੀਤ ਨੇ ਕਨੈਡਾ ਜਾਣਾ ਸੀ। ਪਰ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ।