The first sadness is Nanak’s walking time : ਲੋਧੀ ਦੇ ਸੁਲਤਾਨਪੁਰ ‘ਚ ਗੱਲਾਂ ਹੋਣ ਲੱਗੀਆਂ, ਨਾਨਕ ਬਾਰੇ! ਬੇਬੇ ਨਾਨਕੀ ਦਾ ਵੱਡਾ ਭਰਾ ਫਕੀਰ ਬਣ ਗਿਆ।ਸਾਧੂ ਰੂਪੀ ਹੋ ਗਿਆ।ਇੱਕ ਮਰਾਸੀ ਡੂਮ ਮਰਦਾਨਾ ਉਸ ਦਾ ਸੱਗ ਕਰਨ ਲੱਗ ਪਿਆ।ਦੋਸਤੀ ਗੰਢੀ ਗਈ।ਰਬਾਬ ਵਜਾਉਣ ਨੂੰ ਕਹਿੰਦਾ।ਨਾਨਕ ਤਾਂ ਜੋਗੀ ਤੇ ਲਟਬੌਰਾ ਹੋਇਆ ਲੱਗਦਾ।ਮੋਦੀਖਾਨੇ ਦਾ ਲੇਖਾ-ਜੋਖਾ ਨਿਪਟ ਗਿਆ ਹੈ।ਨਾਨਕ ਨੇ ਆਪਣੇ ਖਾਤੇ ਦੇ ਵਾਧੂ ਨਿਕਲੇ ਪੈਸੇ ਲੋੜਵੰਦਾਂ ਵਿੱਚ ਵੰਡ ਦਿੱਤੇ ਹਨ।ਨੌਕਰੀ ਤਿਆਗ ਦਿੱਤੀ ਹੈ।ਬੱਚਿਆਂ ਦਾ ਕੀ ਹੋਊ? ਭੈਣ ਨਾਨਕੀ ਨੂੰ ਔਕੜ ਝੱਲਣੀ ਪੈਣੀ।ਜੈ ਰਾਮ ਕਿੰਨਾ ਨੁ ਚਿਰ ਨਵਾਬ ਦੌਲਤ ਖਾਂ ਨੂੰ ਤਸੱਲੀ ਦੇ ਸਕਦਾ।ਗ੍ਰਹਿਸਥੀ ਨਾਨਕ ਦਾ ਕੀ ਬਣੂ।ਸੁਲਤਾਨਪੁਰ ਦੀਆਂ ਗਲੀਆਂ, ‘ਚ ਸੱਥਾਂ ‘ਚ ਨਾਨਕ ਵਲੋਂ ਮੋਦੀ ਦੀ ਨੌਕਰੀ ਛੱਡ ਦੇਣ ਬਾਰੇ ਗੱਲਾਂ ਸੁਲਗਦੀਆਂ ਰਹੀਆਂ।ਨਾਨਕ ਦੀ ਚੁੱਪ ਡੂੰਘੀ ਸੀ।ਮਰਦਾਨਾ ਰਬਾਬ ਨੂੰ ਸਾਂਭ-ਸਾਂਭ ਰੱਖ ਰਿਹਾ ਸੀ।ਤੰਤੀ ਤਾਰਾਂ ਨੂੰ ਕੰਨੀਂ ਲਾਉਂਦਾ।ਪੋਟਿਆਂ ਨਾਲ ਟੁਣਕਾਉਂਦਾ, ਅੱਖਾਂ ਮੀਟ ਲੈਂਦਾ।ਬੇਬੇ ਨਾਨਕੀ ਵਲੋਂ ਦਿੱਤੀ ਰਬਾਬ ਮਰਦਾਨੇ ਲਈ ਇੱਕ ਮੁਕੱਦਸ ਸਾਜ਼ ਨਾਲੋਂ ਰੂਹ ਦਾ ਸਾਥ ਬਣ ਗਈ ਸੀ।ਕਿਸੇ ਨੂੰ ਨਹੀਂ ਸੀ ਪਤਾ ਕਿ ਨਾਨਕ ਸੁਲਤਾਨਪੁਰ ਤੋਂ ਵਿਦਾ ਹੋਣ ਵਾਲਾ ਸੀ।ਘਰ-ਬਾਰ ਕੌਣ ਤਿਆਗਦਾ ਹੈ?ਮੋਹ ਦੀਆਂ ਤੰਦਾਂ ਤੋਂ ਮੁਕਤ ਹੋਣਾ ਸੌਖਾ ਨਹੀਂ।ਇੱਕ ਬਾਲ (ਲਖਮੀ ਦਾਸ) ਅਜੇ ਸੁਲੱਖਣੀ ਦੀ ਗੋਦਿਓਂ ਲੱਥਿਆ ਤੇ ਦੂਜਾ ਬਾਲ (ਸ਼੍ਰੀ ਚੰਦ) ਅਜੇ ਖੇਡਣ ਦੀ ਰੁੱਤੇ ਤੁਰਨਾ ਹੀ ਸਿੱਖਿਆ।ਬਾਲਕ ਮਾਂ ਦਾ ਸਾਥ ਕਿਵੇਂ ਛੱਡਣ ਤੇ ਪਿਤਾ ਦੇ ਪਿਆਰ ਨੂੰ ਲੋਚਣ।ਪਤਨੀ ਨੂੰ ਸਿਰ ਦੇ ਸਾਈਂ ਬਿਨਾਂ ਢੋਈ ਔਖੀ।ਲੋਕਾਂ ਦੀਆਂ ਜੀਭਾਂ ਕਿਸੇ ਨੂੰ ਨਹੀਂ ਬਖਸ਼ਦੀਆਂ।ਕੰਧਾਂ ਵੀ ਬੋਲਣ ਲੱਗ ਜਾਂਦੀਆਂ ਹਨ।ਆਪਣਾ ਕੱਦ ਵੱਡਾ ਤੇ ਦੂਜੇ ਨੂੰ ਨੀਵਾਂ ਕਰਨਾ, ਸਮਿਆਂ ਦੀ ਫਿਤਰਤ ਰਹੀ ਹੈ।
ਜਿੰਨੇ ਮੂੰਹ ਉਤਨੀਆਂ ਹੀ ਗੱਲਾਂ।ਸੁਲੱਖਣੀ ਸਭ ਕੁਝ ਸੁਣਦੀ।ਕਦੇ-ਕਦੇ ਤਕਦੀਰ ਨੂੰ ਕੋਸਦੀ।ਸੋਚਣ ਲੱਗਦੀ ਬੱਚਿਆਂ ਦਾ ਕੀ ਹੋਊ? ਜੀਵਨ ਪੈਂਡਾ ਲੰਮਾ ਪਿਆ ਹੈ।ਡੂੰਘੇ ਪਾਣੀਆਂ ਦੀ ਹਾਕ ਕਿਸ ਨੂੰ ਸੁਣਦੀ।ਦਰਦ ਦੇ ਸਾਗਰ ਨੂੰ ਕੌਣ ਕੰਨ ਲਾਉਂਦਾ।ਬੇਬੇ ਨਾਨਕੀ ਦਿਲਾਸਾ ਦਿੰਦੀ।ਘਰ ਦੀ ਵੁੱਕਤ ਨੂੰ ਬਣਾਈ ਰੱਖਣ ਦੇ ਯਤਨ ਕਰਦੀ।ਜੈ ਰਾਮ ਕੋਲ ਨਵਾਬ ਦੌਲਤ ਖਾਂ ਅੱਗੇ ਹੱਥ ਜੋੜਨ ਤੇ ਭਰੋਸਾ ਦੁਆਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।ਦੂਜੇ ਬੰਨੇ ਦੌਲਤ ਖਾਂ ਤੇ ਕਾਜ਼ੀ ਅੰਦਰੋਂ-ਅੰਦਰੀ ਨਾਨਕ ਦੀ ਦਿੱਬ-ਦ੍ਰਿਸ਼ਟੀ ਤੇ ਸੱਚ ਅੱਗੇ ਸ਼ਰਮਿੰਦਾ ਹੋ ਰਹੇ ਸਨ।ਦੌਲਤ ਖਾਂ ਨੂੰ ਸਮਢ ਆ ਗਈ ਸੀ ਕਿ ਨਾਨਕ ਦੀ ਬਦਖੋਈ ਕਰਨ ਵਾਲੇ ਨਿੰਦਕ ਹਨ।ਚੁਗਲਖੋਰ ਹਨ, ਹਿਤੈਸ਼ੀ ਨਹੀਂ।ਸੱਚ ਸੁਣਨਾ ਤੇ ਸੱਚ ਪਰਖਣਾ ਬੜਾ ਔਖਾ।”ਨਾਨਕ ‘ਚ ਰੱਬੀ ਜੋਤ ਹੈ।ਉਸ ਦਾ ਵੇਈਂ ‘ਚੋਂ ਉਦੈ ਹੋ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਸੰਦੇਸ਼ ਮਨੁੱਖਤਾ ਨੂੰ ਸਿੱਧੇ ਰਸਤੇ ਪਾਉਣ ਵਾਲਾ ਹੈ।ਦੌਲਤ ਖਾਂ ਹੱਥੋਂ ‘ਤੇਰਾ ਤੇਰਾ’ ਜਪਣ ਵਾਲਾ ਸਾਦਿਕ ਨਿਕਲ ਚੁੱਕਿਆ ਸੀ।ਨਾਨਕ ਦਾ ਫੈਸਲਾ ਤਾਂ ਅਟੱਲ ਸੀ।ਵਪਾਰਕ ਮਾਇਆ ਠੀਕਰੀਆਂ ਸਮਾਨ ਸੀ।ਅਗਲੇ ਪੈਂਡਿਆਂ ਦਾ ਵਣਜ ਚਾਨਣਵੰਤਾ ਸੀ।ਮੋਦੀਖਾਨੇ ‘ਚ ਸੁੰਨ ਸੀ।ਵਸਤਾਂ ਬੇਅਰਥ ਲੱਗ ਰਹੀਆਂ ਸਨ।ਤੱਕੜੀ ਤੇ ਸਿਲ-ਵੱਟੇ ਨਾਨਕ ਦੀ ਛੂਹ ਲਈ ਤਰਸ ਰਹੇ ਸਨ।ਗੱਲੇ ਵਾਲੀ ਸੰਦੂਕੜੀ ਉਦਾਸ ਸੀ।ਲੋੜਵੰਦਾਂ ਦਾ ਦਾਨੀ ਤਾਂ ਆਪਣੇ ਪਿੱਛੇ ਕੁਝ ਛੱਡ ਆਇਆ ਸੀ।ਚਾਨਣ ਦੀ ਕਾਤਰ ਅੱਗੇ ਕੂੜ ਹਾਰ ਗਿਆ ਸੀ।ਪ੍ਰਸ਼ਨ ਬੋਲ ਰਹਿਤ ਹੋ ਗਏ ਸਨ।ਸੁਲਤਾਨਪੁਰ ‘ਚ ਚੌਦਾਂ ਕੁ ਵਰਿ੍ਹਆਂ ਦੀ ਠਹਿਰ ਨਾਨਕ ਦੀ ਤਪੱਸਿਆ ਦੀ ਕਮਾਈ ਸੀ।ਬ੍ਰਹਮ ਦਾ ਗਿਆਨ ਪ੍ਰਕਾਸ਼ ਬਣਨਾ ਲੋਚਦਾ ਸੀ।ਚੌਂਹ-ਕੁੰਟਾਂ ‘ਚ ਫੈਲਣ ਲਈ ਕਾਦਰ ਪੁਕਾਰ ਰਿਹਾ ਸੀ।ਆਲਮ ਤੜਪ ਰਿਹਾ ਸੀ।ਅੱਗ ਦਾ ਸੇਕ ਜਗਤ ਨੂੰ ਲੂਸ ਰਿਹਾ ਸੀ।ਕੋਈ ਸ਼ਾਂਤੀ ਦਾ ਪੁੰਜ ਲੋਂੜੀਦਾ ਸੀ।ਵੇਲਾ ਆ ਗਿਆ ਸੀ, ਕਿਸੇ ਪਰ-ਉਪਕਾਰੀ ਦਾ ਖੜਾਵਾਂ ਪਾ ਤੁਰਨ ਦਾ।ਸੁਲਤਾਨਪੁਰ ‘ਚ ਅੱਜ ਪਹਿਲਾਂ ਵਾਂਗ ਹੀ ਸੂਰਜ ਪੂਰਬ ਤੋਂ ਚੜਿਆ ਸੀ, ਪਹੁ-ਫੁਟਾਲਾ ਹੋਇਆ ਸੀ।ਇੱਕ ਹੋਰ ਸੂਰਜ ਉਦੈ ਹੋਣਾ ਸੀ।ਪੂਰਬ ਦਿਸ਼ਾ ਨੂੰ ਹੋਰ ਚਾਨਣ ਦੀ ਲੋੜ ਸੀ।ਕਿਸੇ ਦੀ ਉਡੀਕ ਸੀ।ਬਹੁਤ ਲੰਮੇ ਪੈਂਡੇ ਲਈ ਬਹੁਤ ਵਰਿ੍ਹਆਂ ਦਾ ਪੰਧ ਤੈਅ ਕਰਨਾ ਸੀ।ਇਕ ਅਸਥਾਨ ਤੋਂ ਅਲਵਿਦਾ ਲੈਣੀ ਸੀ।ਅਨੇਕ ਥਾਵਾਂ ਨੂੰ ਢੂੰਡਣ ਜਾਣਾ ਸੀ।ਪੈਰਾਂ ਥੱਲੇ ਅਮੁੱਕ ਸਫਰਾਂ ਦੀਆਂ ਪੈੜਾਂ ਨੇ ਚਾਨਣ ਬਣਨਾ ਸੀ।ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਕੀ ਹੋਣ ਵਾਲਾ ਹੈ।ਨਾਨਕ ਤੇ ਮਰਦਾਨਾ ਦੀ ਗੁਫਤਗੂ ਨੇ ਫੈਸਲਾ ਕਰ ਲਿਆ ਸੀ।ਲੰਮੇ ਪੈਂਡਿਆਂ ਦਾ ਸਾਥ ਦੋਸਤੀ ‘ਚ ਬਦਲਣਾ ਸੀ।ਆਖਰ ਨਾਨਕ ਨੇ ਘਰੋਂ ਬਾਹਰ ਪੈਰ ਰੱਖਿਆ।ਦਹਿਲੀਜ਼ ਨੇ ਵਿਗੋਚੇ ਦਾ ਘੁੱਟ ਭਰਿਆ।ਨਾਨਕ ਨੇ ‘ਸਤਿ ਕਰਤਾਰ’ ਸ਼ਬਦ ਉਚਾਰੇ।ਸੁਲੱਖਣੀ ਖਾਮੋਸ਼ ਸੀ।ਕੁਝ ਵੀ ਨਾ ਕਹਿ ਸਕੀ।ਸਬਰ ਦਾ ਘੁੱਟ ਭਰਿਆ।ਨਾਨਕ ਨੇ ਦੋਵੇਂ ਬਾਲਕਾਂ ਵੱਲ ਨਜ਼ਰ ਮਾਰੀ।ਦਾਤਾ ਆਪਣੀ ਦਾਤ ਨੂੰ ਆਪ ਹੀ ਸੰਭਾਲੇਗਾ।ਉਹੀ ਸਗਲ ਦਾ ਪਾਲਣਹਾਰ ਹੈ।ਘਰ ਚੁੱਪ ਦੀ ਚਾਦਰ ‘ਚ ਲਿਪਟ ਗਿਆ ਸੀ।ਬੇਬੇ ਨਾਨਕੀ ਨੇ ਨਦਰੀ
ਪੈਂਡਿਆਂ ‘ਤੇ ਤੁਰਨ ਵਾਲੇ ਵੀਰ ਨਾਨਕ ਨੂੰ ਕੁਝ ਵਾਅਦੇ ਪੂਰਨ ਲਈ ਅਰਜੋਈ ਕੀਤੀ।ਭੈਣ ਪਿਆਰ ਅੱਗੇ ਸਿਰ ਝੁਕਿਆ।ਸਮੇਂ ਨੂੰ ਕੌਣ ਰੋਕੇ।ਮਰਦਾਨੇ ਨੇ ਰਬਾਬ ਨੂੰ ਇਲਾਹੀ ਅਮਾਨਤ ਵਾਂਗ ਮੋਢੇ ਨੂੰ ਲਾ ਲਿਆ ਤੇ ਝੁਕ ਕੇ ਅਦਬ ਕੀਤਾ।ਜੈ ਰਾਮ ਕੁਝ ਵੀ ਕਹਿਣ ਤੋਂ ਅਸਮਰੱਥ ਸੀ।ਜ਼ਿੰਮੇਵਾਰੀਆਂ ਦੇ ਅਹਿਸਾਸ ਨਾਲ ਉਹ ਹੋਰ ਵੀ ਨਿਮਰ ਹੋ ਗਿਆ ਸੀ।ਮੋਦੀਖਾਨੇ ਦੇ ਘਾਟੇ-ਵਾਧੇ ਦੀਆਂ ਗੱਲਾਂ ਤੇ ਚੁਗਲੀਆਂ ਤੋਂ ਸੁਰਖਰੂ ਹੋ ਗਿਆ ਸੀ।ਦੌਲਤ ਖਾਂ ਨਾਲ ਉਸ ਦਾ ਸਬੰਧ ਹੋਰ ਗੂੜਾ ਹੋ ਗਿਆ ਸੀ।ਦੌਲਤ ਖਾਂ ਦੀ ਬੇਨਤੀ ਨੂੰ ਨਾਨਕ ਦੇ ਵਿਸਮਾਦੀ ਬੋਲਾਂ ਨੇ ਲਾ-ਜਵਾਬ ਕਰ ਦਿੱਤਾ ਸੀ।ਲੋਭ-ਲਾਲਚ ਦੀ ਸੀਮਾ ਮੁੱਕ ਚੁੱਕੀ ਸੀ।ਅਧਿਆਤਮ ਵਣਜ ਅੱਗੇ ਦੁਨਿਆਵੀ ਵਪਾਰ ਕਿੰਝ ਠਹਿਰ ਸਕਦਾ ਸੀ।ਪਛਤਾਵਾ ਕਰਨ ਦਾ ਵੇਲਾ ਵੀ ਕੁਝ ਨਹੀਂ ਸੀ ਕਰ ਸਕਦਾ।ਪਰਮਾਰਥ ਅੱਗੇ ਕਿਸ ਟਿਕਣਾ ਸੀ।ਉਦਾਸੀ ਦਾ ਰੂਪ ਬਣਿਆ ਦੌਲਤ ਖਾਂ ਖਿਮਾ ਦਾ ਪਾਤਰ ਬਣ ਗਿਆ ਸੀ।’ਨਗਰੀ ਦਾ ਭਲਾ ਹੋਵੇ’ ਨਾਨਕ ਦੇ ਬੋਲ ਸਨ।ਨਾਨਕ ਦੇ ਕਦਮ ਚਾਨਣ ਦੀ ਪੈੜ ਬਣਨ ਜਾ ਰਹੇ ਸਨ।ਕੁਝ ਵੀ ਨਾਲ ਲਿਆ ਨਹੀਂ ਸੀ ਪਰ ਸਭ ਕੁਝ ਨਾਨਕ ਕੋਲ ਸੀ।ਦ੍ਰਿਸ਼ਟ ਤੇ ਅਦ੍ਰਿਸ਼ਟ ਦੇ ਭੇਤ ਨਾਲ ਨਾਨਕ ਦੇ ਸ਼ਬਦਾਂ ਨੇ ਗੋਸ਼ਟੀ ਕਰਨੀ ਸੀ।ਸੰਗੀ ਮਰਦਾਨਾ ਪਿੱਛੇ ਹੋ ਤੁਰਿਆ।ਸੋਚੇ, ਵਚਨ ਦਾ ਪੂਰਾ ਕਰਨਾ ਹੀ ਪੈਣਾ।ਪੱਲੇ ਕੁਝ ਨਾ ਬੰਨਿ੍ਹਆ।ਬਸ ਰਬਾਬ ਹੀ ਨਾਲ ਸੀ।ਬੇਬੇ ਨਾਨਕੀ ਦੀ ਦਿੱਤੀ ਦਾਤ।ਦੇਹੀ ਨੇ ਸੰਗੀਤ ਦਾ ਜਾਮਾ ਪਹਿਨ ਲਿਆ ਸੀ।ਸ਼ਬਦ ਤੇ ਰਬਾਬ ਦੀ ਦੋਸਤੀ ਦੀ ਪ੍ਰੀਖਿਆ ਹੋਣ ਚੱਲੀ ਸੀ।ਸੁਲਤਾਨਪੁਰ ਦੇ ਬਿਰਖਾਂ, ਬੂਟਿਆਂ, ਖੇਤਾਂ, ਥਾਵਾਂ ਤੇ ਪ੍ਰਕਿਰਤੀ ਨੂੰ ਨਾਨਕ ਨੇ ਨਿਹਾਰਿਆ।ਪੰਛੀਆਂ ਦਾ ਚਹਿਕਣਾ ਕੰਨੀਂ ਗੂੰਜਿਆ।ਕਿੰਨਾ ਕੁਝ ਸੀ ਜੋ ਸਾਹਾਂ ‘ਚ ਵਸਿਆ ਹੋਇਆ ਸੀ।ਪਿਛਾਂਹ ਤਿਆਗਣਾ ਸੀ, ਅਗਾਂਹ ਤੁਰਨਾ ਸੀ।ਨਾਨਕ ਨੇ ਵੇਈ ਦੇ ਵਗ ਰਹੇ ਨੀਰ ਨਾਲ ਖਾਮੋਸ਼ ਗੁਫਤਗੂ ਕੀਤੀ।ਪਾਣੀ ਉਦਾਸ ਹੋਇਆ ਤੇ ਹੱਸਿਆ।ਲੀਨਤਾ ਦੀ ਲੀਕ ਉਭਰੀ ਦੇ ਖਿੰਡ ਗਈ।ਅੰਬਰ ਦੀ ਨੀਲੱਤਣ ਵੇਈ ਦੇ ਪਾਣੀਆਂ ‘ਚ ਘੁੱਲ ਗਈ।ਵੇਈਂ ਦੇ ਕੰਢੇ ਪਵਿੱਤਰ ਹੋ ਗਏ।ਉਸ ਨੂੰ ਆਪਣੇ ਮਹਿਰਮ ਦੀ ਛੂਹ ਯਾਦ ਆਈ।ਵੇਈ ਦੀ ਝੋਲੀ, ਨਾਨਕ ਦੇ ਉਚਾਰੇ ਪਲੇਠੇ ਸ਼ਬਦਾਂ ਦਾ ਜਾਪ ਕਰਨ ਲੱਗੀ।ਤੁਰੇ ਜਾਂਦੇ ਨਾਨਕ ਦੇ ਅੱਗੇ ਵੀ ਚਾਨਣ ਸੀ, ਪਿੱਛੇ ਵੀ ਚਾਨਣ ਸੀ।ਸੱਜੇ ਵੀ ਚਾਨਣ ਸੀ, ਖੱਬੇ ਵੀ ਚਾਨਣ ਸੀ।ਨਾਨਕ ਮਰਦਾਨਾ ਚਾਨਣ ਦੇ ਵਣਜ ਲਈ ਪਹਿਲੀ ਉਦਾਸੀ ‘ਤੇ ਤੁਰ ਪਏ ਸਨ।ਕਿਹੜਾ ਪਹਿਰ ਸੀ, ਕੀ ਸਮਾਂ ਸੀ, ਕਿਹੜਾ ਦਿਵਸ ਸੀ ਤੇ ਕਿਹੜੀ ਰੁੱਤ ਸੀ ਤੇ ਕਿਹੜਾ ਮੌਸਮ-ਕਿਆਸਣਾ ਮੁਸ਼ਕਲ ਸੀ।ਬੱਸ ਸਮਾਂ ਪ੍ਰਕਾਸ਼ ਬਣ ਗਿਆ ਸੀ।”ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।।ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।” (ਮਨਮੋਹਨ ਸਿੰਘ ਦਾਊਂ)