Farmers agree to talks today : ਕੇਂਦਰ ਦੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਦਿੱਲੀ ਬਾਰਡਰ ’ਤੇ ਕਿਸਾਨ ਅੰਦੋਲਨ ਦਾ ਅੱਜ ਛੇਵਾਂ ਦਿਨ ਹੈ। ਸਰਕਾਰ ਨੇ ਅੱਜ 3 ਵਜੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਕਿਸਾਨ ਜਥੇਬੰਦੀਆਂ ਨੇ ਵੀ ਮੀਟਿੰਗ ਤੋਂ ਬਾਅਦ ਇਸ ਲਈ ਸਹਿਮਤੀ ਦੇ ਦਿੱਤੀ ਹੈ, ਕਿਉਂਕਿ ਸਰਕਾਰ ਨੇ ਕੋਈ ਸ਼ਰਤ ਨਹੀਂ ਰੱਖੀ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਵੱਖਰੀ ਮੀਟਿੰਗ ਕੀਤੀ। ਇਹ ਕਿਸਾਨਾਂ ਦੇ ਮੁੱਦੇ ‘ਤੇ 36 ਘੰਟਿਆਂ ਵਿਚ ਕੇਂਦਰ ਦੀ ਤੀਜੀ ਮੀਟਿੰਗ ਸੀ। ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਗ੍ਰਹਿ ਵਿਖੇ ਹੋਈ ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਮੌਜੂਦ ਸਨ। ਇਸ ਤੋਂ ਪਹਿਲਾਂ ਸ਼ਾਹ ਨੇ ਬੀਐਸਐਫ ਰਾਈਜ਼ਿੰਗ ਡੇਅ ਸਮਾਗਮ ਵਿਚ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਸੀ। ਇਸ ਦਾ ਕਾਰਨ ਇਕ ਮਹੱਤਵਪੂਰਨ ਅਧਿਕਾਰਤ ਕੰਮ ਦੱਸਿਆ ਗਿਆ ਹੈ।
ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਦਾ ਗੁੱਸਾ ਦਿੱਲੀ-ਯੂਪੀ ਬਾਰਡਰ ‘ਤੇ ਦੇਖਿਆ ਗਿਆ ਸੀ। ਗਾਜ਼ੀਪੁਰ-ਗਾਜ਼ੀਆਬਾਦ ਸਰਹੱਦ ‘ਤੇ ਬੈਰੀਕੇਡ ਹਟਾਉਣ ਲਈ ਕਿਸਾਨ ਟਰੈਕਟਰਾਂ ਦੀ ਵਰਤੋਂ ਕੀਤੀ। ਉਥੇ ਹੀ ਪੁਲਿਸ ਨੇ ਅੱਜ ਹਰਿਆਣਾ ਦੇ ਨਾਲ ਲੱਗਦੀ ਦਿੱਲੀ ਦੀਆਂ ਸਿੰਘਾਂ ਅਤੇ ਟਿਕਰੀ ਸਰਹੱਦਾਂ ਨੂੰ ਅੱਜ ਲਗਾਤਾਰ ਦੂਜੇ ਦਿਨ ਬੰਦ ਕੀਤਾ ਹੋਇਆ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਦਿੱਲੀ ਤੋਂ ਹਰਿਆਣੇ ਜਾਣ ਲਈ, ਝਾਰੌਦਾ, ਧਨਸਾ, ਦੌਰਾਲਾ, ਕਪਾਸ਼ੇਰਾ, ਰਜੋਕਰੀ ਐਨ.ਐਚ.-8, ਬਿਜਵਾਸਨ, ਪਾਲਮ ਵਿਹਾਰ ਅਤੇ ਡੁੰਡੇਹੇੜਾ ਸਰਹੱਦ ਤੋਂ ਜਾਇਆ ਜਾ ਸਕਦਾ ਹੈ। ਇਹ ਸਰਹੱਦਾਂ ਖੁੱਲ੍ਹੀਆਂ ਹਨ। ਬਦੋਸਰਾਏ ਅਤੇ ਝਟੀਕਰਾ ਬਾਰਡਰ ਤੋਂ ਸਿਰਫ ਦੋ ਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਹੈ।
ਕਿਸਾਨਾਂ ਨਾਲ 3 ਦਸੰਬਰ ਗੱਲਬਾਤ ਕਰਨ ‘ਤੇ ਅੜੀ ਸਰਕਾਰ ਨੇ ਆਪਣੀ ਜ਼ਿੱਦ ਛੱਡ ਦਿੱਤੀ ਅਤੇ 1 ਦਸੰਬਰ ਨੂੰ ਭਾਵ ਅੱਜ ਦੁਪਹਿਰ 3 ਵਜੇ 32 ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਗੱਲਬਾਤ ਲਈ ਵਿਗਿਆਨ ਭਵਨ ਬੁਲਾਇਆ ਗਿਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 13 ਨਵੰਬਰ ਨੂੰ ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨ ਨੇਤਾਵਾਂ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਬਿੱਲਾਂ ਖ਼ਿਲਾਫ਼ ਪਹਿਲਾਂ ਹੀ ਪੰਜਾਬ ਵਿੱਚ ਮੁਜ਼ਾਹਰਾ ਚੱਲ ਰਿਹਾ ਸੀ, ਪਰ 6 ਦਿਨ ਪਹਿਲਾਂ ਪੰਜਾਬ-ਹਰਿਆਣਾ ਦੇ ਕਿਸਾਨ ਦਿੱਲੀ ਵਿੱਚ ਅੰਦੋਲਨ ਲਈ ਆਏ ਜਿਨ੍ਹਾਂ ਨੂੰ ਪੁਲਿਸ ਨੇ ਬਾਰਡਰ ‘ਤੇ ਹੀ ਰੋਕ ਲਿਆ ਸੀ।