BJP shocked former : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸਤਪਾਲ ਗੋਸਾਈਂ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ 85 ਸਾਲਾ ਗੋਸਾਈਂ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਸੀ ਤੇ ਉਹ ਲੁਧਿਆਣੇ ਦੇ ਸੀ. ਐੱਮ. ਸੀ. ਲੁਧਿਆਣੇ ‘ਚ ਦਾਖਲ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੋਸਾਈਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਗੋਸਾਈਂ ਨੇ ਲੁਧਿਆਣਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਮੁੱਖ ਮੰਤਰੀ ਨੇ ਪੀੜਤ ਪਰਿਵਾਰ, ਰਿਸ਼ਤੇਦਾਰ ਤੇ ਮਿੱਤਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਗੋਸਾਈਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਸਤਪਾਲ ਗੋਸਾਈਂ ਦਾ ਦੇਹਾਂਤ ਭਾਜਪਾ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀ ਗਿਣਤੀ ਭਾਜਪਾ ਦੇ ਦਿੱਗਜ਼ ਨੇਤਾਵਾਂ ‘ਚ ਹੁੰਦੀ ਸੀ। ਪੰਜਾਬ ਦੇ ਸੀਨੀਅਰ ਭਾਜਪਾ ਨੇਤਾਵਾਂ ‘ਚੋਂ ਇੱਕ ਗੋਸਾਈਂ ਦੇ ਦੇਹਾਂਤ ਦੀ ਸੂਚਨਾ ਮਿਲਦੇ ਹੀ ਹਸਪਤਾਲ ‘ਚ ਕਈ ਨੇਤਾ ਪਹੁੰਚ ਗੇ। 85 ਸਾਲਾ ਗੋਸਾਈਂ ਦਾ ਜਨਮ 1935 ‘ਚ ਹੋਇਆ ਸੀ। ਸਤਪਾਲ ਗੋਸਾਈਂ ਨੇ ਸਾਲ 1980 ‘ਚ ਭਾਜਪਾ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਉਹ ਅਕਾਲੀ-ਭਾਜਪਾ ਸਰਕਾਰ ‘ਚ ਵੀ ਮੰਤਰੀ ਰਹੇ। ਉਹ ਇੱਕ ਵਾਰ ਵਿਧਾਨ ਸਭਾ ਦੇ ਉਪ ਪ੍ਰਧਾਨ ਵੀ ਰਹੇ।
ਸਾਲ 2016 ‘ਚ ਸਤਪਾਲ ਗੋਸਾਈਂ ਭਾਜਪਾ ਤੋਂ ਨਾਰਾਜ਼ ਹੋ ਕੇ ਕਾਂਗਰਸ ‘ਚ ਚਲੇ ਗਏ ਸਨ ਪਰ ਕੁਝ ਹੀ ਸਮੇਂ ਬਾਅਦ ਉਹ ਫਿਰ ਤੋਂ ਭਾਜਪਾ ‘ਚ ਪਰਤ ਆਏ। ਲੁਧਿਆਣਾ ‘ਚ ਅਕਾਲੀ-ਭਾਜਪਾ ਗਠਜੋੜ ਦੇ ਸਬੰਧਾਂ ‘ਚ ਸਤਪਾਲ ਗੋਸਾਈਂ ਇਕ ਅਹਿਮ ਕੜੀ ਮੰਨੇ ਜਾਂਦੇ ਸਨ।
ਸਤਪਾਲ ਗੋਸਾਈਂ ਦੇ ਸਮਰਥਕ ਉਨ੍ਹਾਂ ਨੇ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਵੀ ਬੁਲਾਉਂਦੇ ਸਨ। ਆਪਣੇ ਪਿਛਲੇ ਜਨਮ ਦਿਨ ‘ਤੇ ਸਤਪਾਲ ਗੋਸਾਈਂ ਦੇ ਸਮਰਥਕਾਂ ਨੇ ਕਿਦਵੀ ਨਗਰ ਸਥਿਤ ਆਰੀਆ ਸਮਾਜ ਮੰਦਰ ‘ਚ ਉੁਨ੍ਹਾਂ ਦੀ ਲੰਬੀ ਉਮਰ ਲਈ ਹਵਨ ਵੀ ਕਰਵਾਇਆ ਸੀ। ਗੋਸਾਈਂ ਦੇ ਦੇਹਾਂਤ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ‘ਚ ਮਾਯੂਸੀ ਛਾ ਗਈ ਤੇ ਘਰ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਸਤਪਾਲ ਗੋਸਾਈਂ ਆਪਣੇ ਪਿੱਛੇ ਪਤਨੀ, ਪੁੱਤਰ ਤੇ ਤਿੰਨ ਪੁੱਤਰੀਆਂ ਛੱਡ ਗਏ ਹਨ।