Farmers Protest traffic advisory: ਖੇਤੀਬਾੜੀ ਕਾਨੂੰਨ ਵਿਰੁੱਧ ਸੜਕਾਂ ‘ਤੇ ਉਤਰੇ ਕਿਸਾਨਾਂ ਨਾਲ ਗੱਲਬਾਤ ਦਾ ਤੀਜਾ ਦੌਰ ਕਿਸੇ ਵੀ ਅੰਜ਼ਾਮ ਤੱਕ ਨਹੀਂ ਪਹੁੰਚ ਸਕਿਆ । ਹੁਣ ਫੈਸਲਾ ਲਿਆ ਗਿਆ ਹੈ ਕਿ ਕੱਲ੍ਹ ਯਾਨੀ ਕਿ 3 ਦਸੰਬਰ ਨੂੰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਗੱਲਬਾਤ ਹੋਵੇਗੀ । ਇਸ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰੱਖਿਆ ਜਾਵੇਗਾ, ਉਹ ਅੱਗੇ ਵਧਣਗੇ ।
ਦਰਅਸਲ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਕਿਸਾਨ ਦਿੱਲੀ ਦੀ ਯਾਤਰਾ ਦੀ ਤਿਆਰੀ ਵਿੱਚ ਹਨ । ਇਸ ਕਾਰਨ ਦਿੱਲੀ ਦੇ ਬਾਰਡਰ ਬੰਦ ਕਰ ਦਿੱਤੇ ਗਏ ਹਨ । ਬਾਰਡਰ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਹੜੇ ਬਾਰਡਰ ਖੁੱਲ੍ਹੇ ਹਨ, ਉੱਥੇ ਘੰਟਿਆਂ ਬੱਧੀ ਜਾਮ ਲੱਗਿਆ ਹੋਇਆ ਹੈ। ਕਈ ਲੋਕ ਪੈਦਲ ਚੱਲ ਕੇ ਘੰਟਿਆਂ ਬੱਧੀ ਜਾਮ ਵਿੱਚ ਫਸ ਕੇ ਯਾਤਰਾ ਕਰਨ ਲਈ ਮਜ਼ਬੂਰ ਹਨ।
ਇਸ ਦੌਰਾਨ ਦਿੱਲੀ ਪੁਲਿਸ ਨੇ ਬੁੱਧਵਾਰ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਅਨੁਸਾਰ ਨੋਇਡਾ ਲਿੰਕ ਰੋਡ ‘ਤੇ ਸਥਿਤ ਚਿੱਲਾ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇੱਥੇ ਗੌਤਮਬੁੱਧ ਗੇਟ ਨੇੜੇ ਕਿਸਾਨਾਂ ਦਾ ਇਕੱਠ ਹੈ । ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨੋਇਡਾ ਲਿੰਕ ਰੋਡ ਦੀ ਬਜਾਏ ਨੋਇਡਾ ਜਾਣ ਲਈ NH-24 ਅਤੇ DND ਦੀ ਵਰਤੋਂ ਕਰੋ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਕਾਰਨ ਟਿਕਰੀ, ਝੜੌਦਾ ਅਤੇ ਝਟੀਕਰਾ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਬਡੂਸਰਾਏ ਬਾਰਡਰ ਨੂੰ ਸਿਰਫ ਦੋਪਹੀਆ ਵਾਹਨ ਵਾਲੀਆਂ ਗੱਡੀਆਂ ਲਈ ਖੋਲ੍ਹਿਆ ਗਿਆ ਹੈ। ਦਿੱਲੀ ਤੋਂ ਹਰਿਆਣੇ ਵਿੱਚ ਧਨਸਾ, ਦੌਰਾਲਾ, ਕਪਾਸਹੇਡਾ, ਰਾਜੋਕਰੀ NH-8, ਬਿਜਵਾਸਨ / ਬਾਜਘੇਰਾ, ਪਾਲਮ ਵਿਹਾਰ ਅਤੇ ਦੁੰਦਾਹਰਾ ਸਰਹੱਦ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿੰਘੁ ਬਾਰਡਰ ਵੀ ਬੰਦ ਹੈ। ਲਾਮਪੁਰ, ਔਚੰਡੀ ਸਮੇਤ ਕਈ ਛੋਟੇ ਬਾਰਡਰ ਵੀ ਬੰਦ ਕਰ ਦਿੱਤੇ ਗਏ ਹਨ।