Khalsa Aid is providing food : ਪੰਜਾਬ ਵਿੱਚ ਕਿਸਾਨਾਂ ਦੇ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਨੂੰ 60 ਦਿਨ ਬੀਤ ਚੁੱਕੇ ਹਨ ਉਥੇ ਹੀ ਦਿੱਲੀ ਸਰਹੱਦ ‘ਤੇ ਪਿਛਲੇ 6 ਦਿਨਾਂ ਤੋਂ ਕਿਸਾਨ ਡਟੇ ਹੋਏ ਹਨ। ਅਂਦੋਲਨ ਕਰ ਰਹੇ ਇਨ੍ਹਾਂ ਕਿਸਾਨਾਂ ਨਾਲ ਦੇਸ਼ ਦਾ ਹਰ ਵਰਗ ਨਾਲ ਖੜ੍ਹਾ ਹੈ। ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਇਸ ਅੰਦੋਲਨ ਵਿੱਚ ਭਾਈਵਾਲ ਬਣਿਆ ਬ੍ਰਿਟੇਨ ਆਧਾਰਤ ਗਲੋਬਲ ਸਿੱਖ ਚੈਰਿਟੀ ਸੰਸਥਾ ਖਾਲਸਾ ਏਡ ਦਿੱਲੀ ਵਿੱਚ ਵੀ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਸੰਸਥਾ ਵੱਲੋਂ ਸਿੰਘੂ ਅਤੇ ਟਿੱਕਰੀ ਸਰਹੱਦਾਂ ‘ਤੇ ਕਿਸਾਨਾਂ ਲਈ ਮੁਫਤ ਖਾਣਾ ਅਤੇ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਖਾਲਸਾ ਏਡ ਨੇ ਅੰਦੋਲਨ ਵਿੱਚ ਹਿੱਸਾ ਲੈ ਰਹੀਆਂ ਔਰਤਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰਖਦਿਆਂ ਪੋਰਟੇਬਲ ਵਾਸ਼ਰੂਮਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਖਾਲਸਾ ਏਡ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਵਾਲੰਟੀਅਰਾਂ ਵੱਲੋਂ ਕੌਮੀ ਰਾਜਧਾਨੀ ਦੀਆਂ ਸਿੰਘੂ ਅਤੇ ਟਿੱਕਰੀ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੁਫਤ ਖਾਣਾ ਅਤੇ ਜ਼ਰੂਰੀ ਸਪਲਾਈ ਕੀਤੀ ਜਾ ਰਹੀ ਹੈ। ਖਾਲਸਾ ਏਡ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, ਵਲੰਟੀਅਰ ਰੋਸ ਮੁਜ਼ਾਹਰਾ ਕਰਨ ਵਾਲੇ ਕਿਸਾਨਾਂ ਨੂੰ ਲੰਗਰ, ਚਾਹ ਅਤੇ ਰਿਫਰੈਸ਼ਮੈਂਟ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਰਹੇ ਹਨ ਜੋ ਮੌਜੂਦਾ ਸਮੇਂ ਵਿੱਚ ਸਿੰਘੂ ਅਤੇ ਟਿੱਕਰੀ ਸਰਹੱਦ ‘ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਲਈ ਖਾਲਸਾ ਏਡ ਨੇ 50 ਪੋਰਟੇਬਲ ਵਾਸ਼ਰੂਮ ਵੀ ਮੰਗਵਾਏ ਹਨ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਲਗਭਗ 35 ਕਿਸਾਨ ਜਥੇਬੰਦੀਆਂ ਜੋ ਕਿ ਜਿਆਦਾਤਰ ਪੰਜਾਬ ਦੇ ਹਨ, ਦਿੱਲੀ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਵੱਲੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਇਸ ਦਾ ਹੱਲ ਕੱਢਣ ਲਈ ਪਿਛਲੇ ਹਫਤੇ ਤੋਂ ਲਗਾਤਾਰ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਛੇਤੀ ਤੋਂ ਛੇਤੀ ਗੱਲਬਾਤ ਕੀਤੀ ਜਾ ਸਕੇ। ਬੀਤੇ ਦਿਨ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਹੋਈ। ਉਨ੍ਹਾਂ ਨਾਲ ਗੱਲਬਾਤ ਦਾ ਅਗਲਾ ਦੌਰ 3 ਦਸੰਬਰ ਨੂੰ ਹੋਵੇਗਾ।