Sri Guru Amardass Ji : ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਅਮਰਦਾਸ ਮਹਾਰਾਜ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਧੀ ਬੀਬੀ ਰਾਮ ਕੋਰ ਜੀ ਨਾਲ 24 ਜਨਵਰੀ 1502 ਵਿਚ ਹੋਇਆ। ਬੀਬੀ ਰਾਮ ਕੋਰ ਜੀ ਦੀ ਕੁੱਖੋਂ ਦੋ ਪੁੱਤਰ ਮੋਹਨ ਜੀ ,ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਪੈਦਾ ਹੋਈਆਂ। ਸ੍ਰੀ ਅਮਰਦਾਸ ਜੀ ਗੰਗਾ ਦੀ ਤੀਰਥ ਯਾਤਰਾ ’ਤੇ ਜਾਇਆ ਕਰਦੇ ਸਨ । ਇੱਕ ਦਿਨ ਯਾਤਰਾ ਤੋਂ ਵਾਪਸ ਆਉਂਦੇ ਸਮੇਂ ਇਕ ਵੈਸ਼ਨਵ ਸਾਧੂ ਆਪ ਜੀ ਦਾ ਸਾਥੀ ਬਣ ਗਿਆ ਅਤੇ ਉਸ ਨੂੰ ਆਪਣੇ ਨਾਲ ਬਾਸਰਕੇ ਲੈ ਆਏ । ਉਸ ਦੀ ਬਹੁਤ ਸੇਵਾ ਕੀਤੀ। ਇਕ ਦਿਨ ਸਾਧੂ ਨੇ ਆਪ ਜੀ ਤੋਂ ਪੁੱਛਿਆ ਕਿ ਆਪ ਜੀ ਦੇ ਗੁਰੂ ਕੌਣ ਹਨ ਤਾਂ ਆਪ ਜੀ ਨੇ ਉੱਤਰ ਦਿੱਤਾ ਕਿ ਅਜੇ ਤੱਕ ਅਸੀਂ ਕੋਈ ਗੁਰੂ ਧਾਰਨ ਨਹੀ ਕੀਤਾ । ਇਹ ਸੁਣ ਕੇ ਸਾਧੂ ਨੇ ਕਿਹਾ ਕੇ ਮੈਂ ਤੇਰੇ ਨਿਗੁਰੇ ਦੇ ਹੱਥੋਂ ਖਾਂਦਾ-ਪੀਂਦਾ ਰਿਹਾ ਹਾਂ । ਮੇਰੇ ਸਾਰੇ ਨੇਮ ਵਰਤ, ਤੀਰਥ-ਇਸ਼ਨਾਨ, ਧਰਮ-ਕਰਮ ਨਸ਼ਟ ਹੋ ਗਏ ਹਨ । ਨਿਗੁਰੇ ਦਾ ਤਾਂ ਦਰਸ਼ਨ ਕਰਨਾ ਵੀ ਬੁਰਾ ਹੁੰਦਾ ਹੈ। ਇਹ ਕਹਿ ਕੇ ਵੈਸ਼ਨੋ ਸਾਧ ਤੁਰ ਗਿਆ ਪਰ ਇਸ ਘਟਨਾ ਦਾ ਆਪ ਜੀ ਤੇ ਡੂੰਘਾ ਅਸਰ ਹੋਇਆ । ਆਪ ਜੀ ਨੇ ਗੁਰੂ ਧਾਰਨ ਕਰਨ ਦਾ ਮਨ ਬਣਾ ਲਿਆ । ਆਪ ਕਈ ਸਾਧੂ –ਸੰਤਾਂ ਕੋਲ ਗਏ ਪਰ ਕਿਧਰੋਂ ਵੀ ਸ਼ਾਤੀ ਪ੍ਰਾਪਤ ਨਹੀ ਹੋਈ ।
ਗੁਰੂ ਅੰਗਦ ਦੇਵ ਜੀ ਦੀ ਸੁਪੱਤਰੀ ਬੀਬੀ ਅਮਰੋ ਸ੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਇਕ ਦਿਨ ਅਮ੍ਰਿੰਤ ਵੇਲੇ ਬੀਬੀ ਅਮਰੋ ਦੁੱਧ ਰਿੜਕ ਰਹੀ ਸੀ ਤੇ ਨਾਲੇ ਗੁਰਬਾਣੀ ਦਾ ਪਾਠ ਬੜੀ ਮਧੁਰ ਲੈਅ ਵਿਚ ਕਰ ਰਹੀ ਸੀ। ਬਾਬਾ ਅਮਰਦਾਸ ਜੀ ਧਿਆਨ ਨਾਲ ਸੁਨਣ ਲੱਗੇ । ਬਾਣੀ ਮਨ ਨੂੰ ਚੰਗੀ ਲੱਗੀ । ਦਿਲ ਵਿਚ ਇਹ ਜਾਨਣ ਦੀ ਇੱਛਾ ਪੈਦਾ ਹੋਈ ਕਿ ਕਿਸ ਮਹਾਂਪੁਰਸ਼ ਦੀ ਬਾਣੀ ਹੈ ਉਸ ਦੇ ਦਰਸ਼ਨ ਕਰੀਏ । ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਖੰਡੂਰ ਸਾਹਿਬ ਪੁੱਜੇ । ਦਰਸ਼ਨ ਕੀਤੇ ਅਤੇ ਚਰਨੀ ਲੱਗੇ, ਮਨ ਨੂੰ ਸ਼ਾਤੀ ਮਿਲ ਗਈ । ਸਿੱਖੀ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋ ਗਏ । ਆਪ ਜੀ ਦੀ ਉਮਰ ਉਸ ਸਮੇਂ ਲੱਗਭੱਗ 62 ਸਾਲ ਦੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ ਉਸ ਸਮੇਂ ਲੱਗਭੱਗ 36 ਸਾਲ ਦੀ ਸੀ। ਸਿੱਖੀ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਬਾਬਾ ਅਮਰਦਾਸ ਜੀ ਘਰ ਵਾਪਸ ਨਾ ਆਏ । ਆਪ ਜੀ ਨੇ ਖੰਡੂਰ ਸਾਹਿਬ ਰਹਿ ਕੇ ਹੀ ਗੁਰੂ ਸੰਗਤ ਦੀ, ਤਨ- ਮਨ ਨਾਲ ਸੇਵਾ ਅਰੰਭ ਕਰ ਦਿੱਤੀ ਆਪ ਜੀ ਨੇ ਪਹਿਲਾਂ ਆਪ ਇਸ਼ਨਾਨ ਕਰਨਾ ਫਿਰ ਗੁਰੂ ਸਾਹਿਬ ਜੀ ਲਈ ਇਸ਼ਨਾਨ ਕਰਨ ਲਈ, ਜਲ ਭਰ ਕੇ ਲਿਆਉਣਾ ਤੇ ਗੁਰੂ ਅੰਗਦ ਦੇਵ ਜੀ ਨੂੰ ਅਮ੍ਰਿਤ ਵੇਲੇ ਇਸ਼ਨਾਨ ਕਰਾਉਣਾ। ਕਈ ਵਾਰ ਹਨੇਰੇ ਵਿੱਚ ਆਪ ਜੀ ਨੂੰ ਬਿਰਧ ਸਰੀਰ ਹੋਣ ਕਰਕੇ ਠੇਡੇ ਵੀ ਲੱਗੇ। ਪ੍ਰੇਮ ਦੀ ਸਾਰ ਨਾ ਜਾਨਣ ਵਾਲੇ ਉਨ੍ਹਾਂ ਦੇ ਠੇਡਿਆਂ ’ਤੇ ਹੱਸੇ ਵੀ, ਪਰ ਲੋਕਾਂ ਦਾ ਹਾਸਾ-ਮਖੌਲ ਵੀ ਆਪ ਜੀ ਨੂੰ ਗੁਰੂ ਜੀ ਦੀ ਸੇਵਾ ਤੋਂ ਹਟਾ ਨਾ ਸਕਿਆ।
ਇੱਕ ਦਿਨ ਕਾਲੀਆਂ ਘਟਾਵਾਂ ਚੜ੍ਹੀਆਂ, ਸਾਰੇ ਪਾਸੇ ਹਨੇਰਾ ਪਸਰਿਆ ਹੋਇਆ ਸੀ, ਕਿਣਮਿਣ ਬੂਾਂਦੀ ਹੋ ਰਹੀ ਸੀ, ਜਿਸ ਕਰਕੇ ਸਾਰੇ ਪਾਸੇ ਚਿੱਕੜ ਹੋ ਗਿਆ ਸੀ। ਬਿਰਧ ਅਵਸਥਾ ਵਿੱਚ ਗੁਰੂ ਅਮਰਦਾਸ ਆਪਣੇ ਨੇਮ ਅਨੁਸਾਰ ਬਿਆਸਾਂ ਤੋਂ ਜਲ ਦੀ ਗਾਗਰ ਭਰ ਕੇ ਤੁਰ ਪਏ। ਬਾਰਿਸ਼ ਤੇਜ਼ ਹੋ ਗਈ, ਰਸਤੇ ਵਿੱਚ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਪੈਰ ਅੜਿਆ ਤਾਂ ਡਿੱਗ ਪਏ। ਖੜਾਕਾ ਸੁਣ ਕੇ ਜੁਲਾਹੇ ਨੇ ਅੰਦਰੋਂ ਆਵਾਜ਼ ਦਿੱਤੀ ਕੌਣ ਹੈ? ਜੁਲਾਹੀ ਕਹਿਣ ਲੱਗੀ ਹੋਰ ਕੌਣ ਹੋਣਾ ਏ ਏਸ ਵੇਲੇ ਅਮਰੂ ਨਿਥਾਵਾਂ, ਜਿਸ ਨੂੰ ਨਾ ਦਿਨੇ ਆਰਾਮ ਹੈ ਨਾ ਰਾਤੀ, ਕੁੜਮਾਂ ਦੇ ਬੂਹੇ ‘ਤੇ ਬੈਠਾ ਪਾਣੀ ਢੋਂਦਾ ਤੇ ਪੇਟ ਭਰਦਾ ਹੈ, ਹੋਰ ਇਸ ਵੇਲੇ ਕਿਸ ਨੇ ਆਉਣਾ ਹੈ। ਗੁਰੂ ਅਮਰਦਾਸ ਜੀ ਕਹਿਣ ਲੱਗੇ ਕਮਲੀਏ ਹੁਣ ‘ਤੇ ਮੈਂ ਥਾਂ ਵਾਲਾ ਹਾਂ ਜਿਸ ਨੂੰ ਦੀਨ-ਦੁਨੀਆ ਦੇ ਮਾਲਿਕ ਨੇ ਆਪਣੀ ਚਰਨੀਂ ਲਾ ਲਿਆ ਹੋਵੇ ਉਹ ਨਿਥਾਵਾਂ ਕਿਸ ਤਰ੍ਹਾਂ ਹੋ ਸਕਦਾ ਹੈ। ਗਾਗਰ ਚੁੱਕ ਕੇ ਚਲੇ ਗਏ। ਉਧਰੋਂ ਜੁਲਾਹਾ ਜੁਲਾਹੀ ਨੂੰ ਲੈ ਕੇ ਆ ਗਿਆ, ਜੋ ਕਮਲੀ ਹੋਈ ਗਾਲ੍ਹਾਂ ਕੱਢਦੀ ਫਿਰੇ। ਜਦੋਂ ਲਿਆ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ‘ਤੇ ਮੱਥਾ ਟਿਕਾਇਆ ਦਰਸ਼ਨ ਕਰਵਾਏ ਤਾਂ ਝੱਟ ਠੀਕ ਹੋ ਗਈ। ਹੋਸ਼ ਹਵਾਸ ਕਾਇਮ ਹੋ ਗਏ। ਹੱਥ ਜੋੜ ਕੇ ਆਪਣੀ ਭੁੱਲ ਦੀ ਮਾਫੀ ਮੰਗੀ। ਜੁਲਾਹੇ ਜੁਲਾਹੀ ਨੇ ਰਾਤ ਵਾਲੀ ਸਾਰੀ ਘਟਨਾ ਜਿਵੇਂ ਹੋਈ ਸੀ ਸੱਚ-ਸੱਚ ਦੱਸ ਦਿੱਤੀ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਅਮਰਦਾਸ ਨਿਥਾਵਿਆਂ ਦੀ ਥਾਂ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਤਾਣਿਆਂ ਦਾ ਤਾਣ ਹੈ, ਨਿਮਾਣਿਆਂ ਦਾ ਮਾਣ ਹੈ। ਸਭ ਪੀਰਾਂ ਦੇ ਪੀਰ ਸਰਬ ਕਲਾ ਸਮਰੱਥ ਅਮਰਦਾਸ ਜੀ ਹਨ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਗੁਰੂ ਅੰਗਦ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੂੰ ਗੁਰਗੱਦੀ ਦੇ ਲਾਇਕ ਸਮਝ ਕੇ ਗੁਰਿਆਈ ਸੌਪ ਦਿੱਤੀ ਅਤੇ ਆਪ ਸਿੱਖਾਂ ਦੇ ਤੀਸਰੇ ਗੁਰੂ ਬਣੇ। ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕੇਦਰ ਖਡੂੰਰ ਸਾਹਿਬ ਦੀ ਥਾਂ ਗੋਇੰਦਵਾਲ ਨੂੰ ਬਣਾਇਆ । ਇਹ ਨਗਰ ਬਿਆਸ ਦੇ ਕੰਢੇ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਅਨੁਸਾਰ ਆਪ ਜੀ ਨੇ ਹੀ ਵਸਾਇਆ ਸੀ ।