Now shooting of the film in Punjab : ਜਲੰਧਰ : ਜੇ ਕੋਈ ਪੰਜਾਬ ਵਿਚ ਫਿਲਮ ਦੀ ਸ਼ੂਟਿੰਗ ਕਰਨਾ ਚਾਹੁੰਦਾ ਹੈ, ਤਾਂ ਇਸ ਲਈ ਸਰਕਾਰੀ ਦਫਤਰਾਂ ਵਿਚ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਨੇ ਇਹ ਆਨਲਾਈਨ ਸਿੰਗਲ ਵਿੰਡੋ ਕਲੀਅਰੈਂਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਇਨਵੈਸਟ ਪੰਜਾਬ ਬਿਜ਼ਨੈੱਸ ਫਰਸਟ ਪੋਰਟਲ ਨਾਲ ਜੋੜਿਆ ਗਿਆ ਹੈ। ਬਿਊਰੋ ਦੇ ਜੁਆਇੰਟ ਚੀਫ ਐਗਜ਼ੈਕਟਿਵ ਅਫਸਰ ਵੱਲੋਂ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਭੇਜਿਆ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਹੁਣ ਫਿਲਮ ਦੀ ਸ਼ੂਟਿੰਗ ਲਈ ਬਿਨੈ ਪੱਤਰ ਬਿਊੋਰ ਦੇ ਪੋਰਟਲ ‘ਤੇ ਆਨਲਾਈਨ ਸਵੀਕਾਰ ਕੀਤੇ ਜਾਣਗੇ। ਇਸ ਲਈ ਜ਼ਿਲ੍ਹਾ ਪੱਧਰ ‘ਤੇ ਜਾ ਕੇ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਦੀ ਮਨਜ਼ੂਰੀ ਲਈ ਹੁਣ 15 ਦਿਨਾਂ ਦੀ ਸਮਾਂਹੱਦ ਨਿਰਧਾਰਤ ਕੀਤੀ ਗਈ ਹੈ। ਇਸ ਨੂੰ ਪੰਜਾਬ ਟਰਾਂਸਪੇਰੇਂਸੀ ਐਂਡ ਅਕਾਊਂਟਿਬਿਲਿਟੀ ਇਨ ਡਿਲਵਰੀ ਆਫ ਪਬਲਿਕ ਸਰਵਿਸਿਜ਼ ਐਕਟ ਅਧੀਨ ਨੋਟੀਫਾਈ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ, ਪੰਜਾਬੀ ਭਾਸ਼ਾ ਵਿਚ ਬਣੀਆਂ ਫਿਲਮਾਂ ਦੇ ਨਾਲ-ਨਾਲ ਕਈ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ। ਇਸ ਵਿੱਚ ਆਮਿਰ ਖਾਨ ਦੀ ‘ਦੰਗਲ’ ਅਤੇ ਸਲਮਾਨ ਖਾਨ ਦੇ ‘ਸੁਲਤਾਨ’ ਦਾ ਨਾਮ ਵੀ ਸ਼ਾਮਲ ਹੈ।
ਇਸ ਤੋਂ ਪਹਿਲਾਂ ਫਿਲਮ ਦੀ ਸ਼ੂਟਿੰਗ ਲਈ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ ਦਫ਼ਤਰ ‘ਚ ਅਰਜ਼ੀ ਦੇਣੀ ਪੈਂਦੀ ਸੀ। ਇਸ ਤੋਂ ਬਾਅਦ ਉਥੋਂ ਦੀ ਪ੍ਰਵਾਨਗੀ ਦੇ ਨਾਲ ਪੁਲਿਸ ਨੂੰ ਸੁਰੱਖਿਆ ਖਾਤਿਰ ਪ੍ਰਵਾਨਗੀ ਵੀ ਲੈਣੀ ਪੈਂਦੀ ਸੀ। ਅਜਿਹੀ ਸਥਿਤੀ ਵਿਚ ਬਿਨੈਕਾਰਾਂ ਨੂੰ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ। ਹੁਣ ਆਨਲਾਈਨ ਅਰਜ਼ੀ ਦੇਣ ਦੀ ਇਹ ਪ੍ਰਕਿਰਿਆ ਇਨਵੈਸਟਮੈਂਟ ਪ੍ਰਮੋਸ਼ਨ ਬਿਊਰੋ ਖੁਦ ਕਰੇਗਾ ਅਤੇ ਇਸ ਦੇ ਲਈ ਸਮਾਂ ਵੀ ਤੈਅ ਹੋਣ ਨਾਲ ਬਿਨੈਕਾਰਾਂ ਨੂੰ ਸੌਖ ਹੋਵੇਗੀ।