India vs Australia 1st T20 : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ -20 ਲੜੀ ਦਾ ਪਹਿਲਾ ਮੈਚ ਅੱਜ ਦੁਪਹਿਰ 1:40 ਵਜੇ ਤੋਂ ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡਿਆ ਜਾਵੇਗਾ। ਜਦਕਿ ਆਸਟ੍ਰੇਲੀਆ ਨੇ ਵਨਡੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ ਹੈ। ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ, ਆਸਟ੍ਰੇਲੀਆ ਮੈਨੂਕਾ ਓਵਲ ਮੈਦਾਨ ‘ਤੇ ਖੇਡੇ ਗਏ ਤੀਜੇ ਵਨਡੇ ਮੈਚ ਵਿੱਚ ਹਾਰ ਗਿਆ ਸੀ। ਭਾਰਤ ਨੇ ਆਸਟ੍ਰੇਲੀਆ ਨੂੰ 13 ਦੌੜਾਂ ਨਾਲ ਹਰਾਇਆ ਸੀ ਅਤੇ ਇਸ ਜਿੱਤ ਨਾਲ ਟੀਮ ਦਾ ਵਿਸ਼ਵਾਸ ਵੀ ਵਧਿਆ ਹੋਵੇਗਾ। ਟੀਮ ਪ੍ਰਬੰਧਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟੀ -20 ਸੀਰੀਜ਼ ਲਈ ਚੁਣੇ ਗਏ ਖਿਡਾਰੀ ਹੀ ਇਸ ਲੜੀ ਵਿੱਚ ਖੇਡਣਗੇ। ਇਸ ਦਾ ਮਤਲਬ ਹੈ ਕਿ ਸ਼ਾਰਦੂਲ ਠਾਕੁਰ, ਸਪਿਨਰ ਕੁਲਦੀਪ ਯਾਦਵ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਸ ਸੀਰੀਜ਼ ਵਿੱਚ ਨਹੀਂ ਖੇਡ ਸਕਣਗੇ।
ਵਨਡੇ ਮੈਚਾਂ ਵਿੱਚ 5 ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਉੱਤਰਣ ਵਾਲੇ ਕੇ ਐਲ ਰਾਹੁਲ ਟੀ -20 ਵਿੱਚ ਸ਼ਿਖਰ ਧਵਨ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਦੂਜੇ ਪਾਸੇ ਵਨਡੇ ਸੀਰੀਜ਼ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦਾ ਆਤਮ ਵਿਸਵਾਸ਼ ਵੀ ਵਧਿਆ ਹੋਇਆ ਹੋਵੇਗਾ। ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਹਾਲਾਂਕਿ ਸੱਟ ਕਾਰਨ ਬਾਹਰ ਹੋ ਗਿਆ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਕਪਤਾਨ ਐਰੋਨ ਫਿੰਚ ਮਾਰਨਸ ਲੈਬੂਸ਼ਨ ਨਾਲ ਉੱਤਰਦੇ ਹਨ ਜਾਂ ਕਿਸੇ ਹੋਰ ਨਾਲ। ਆਸਟ੍ਰੇਲੀਆ ਵਿੱਚ ਹਾਲਾਂਕਿ, ਭਾਰਤ ਦਾ ਟੀ -20 ਰਿਕਾਰਡ ਚੰਗਾ ਹੈ। ਭਾਰਤ ਨੇ ਆਸਟ੍ਰੇਲੀਆ ਵਿੱਚ ਹੁਣ ਤਕ ਨੌਂ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ ਪੰਜ ਮੈਚ ਜਿੱਤੇ ਹਨ। ਜਦਕਿ ਆਸਟ੍ਰੇਲੀਆ ਨੇ ਤਿੰਨ ਮੈਚ ਜਿੱਤੇ ਹਨ, ਜਦੋਂਕਿ ਇੱਕ ਮੈਚ ਦਾ ਨਤੀਜਾ ਨਹੀਂ ਆਇਆ ਸੀ। ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਆਸਟ੍ਰੇਲੀਆ ਵਿੱਚ ਕਦੇ ਵੀ ਟੀ -20 ਲੜੀ ਨਹੀਂ ਹਾਰਿਆ।