His stubborn attitude : ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਅੱਜ 9ਵੇਂ ਦਿਨ ਵੀ ਚੱਲ ਰਿਹਾ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ ਦੇ ਬੇਸਿੱਟੇ ਰਹਿਣ ‘ਤੇ ਮੋਦੀ ਸਰਕਾਰ ਨੂੰ ਕੋਸਿਆ ਤੇ ਕਿਹਾ ਕਿ ਕਿਸਾਨੀ ਅੰਦੋਲਨ ‘ਚ ਜੇਕਰ ਨੀਅਤ ਸਾਫ ਹੋਵੇ ਤਾਂ ਸਰਕਾਰ ਬਹੁਤ ਕੁਝ ਕਰ ਸਕਦੀ ਹੈ। ਕੱਲ੍ਹ ਕੇਂਦਰ ਦੀ ਬੈਠਕ ਤੋਂ ਉਮੀਦ ਤਾਂ ਬਹੁਤ ਸੀ ਪਰ ਜਿਸ ਤਰ੍ਹਾਂ ਸਰਕਾਰ ਟਾਲਮਟੋਲ ਤੇ ਅੜੀਅਲ ਰਵੱਈਆ ਅਪਣਾ ਰਹੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ। 7 ਘੰਟੇ ਤੋਂ ਵੀ ਜ਼ਿਆਦਾ ਚੱਲੀ ਮੀਟਿੰਗ ਦਾ ਵੀ ਕੋਈ ਨਤੀਜਾ ਨਹੀਂ ਨਿਕਲ ਸਕਿਆ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਗਲਤ ਵਤੀਰਾ ਅਪਣਾਇਆ ਜਾ ਰਿਹਾ ਹੈ। ਕਿਸਾਨਾਂ ਆਪਣੇ ਹੱਕਾਂ ਲਈ ਲੜ ਰਹੇ ਹਨ ਤੇ ਕੇਂਦਰ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਕੋਈ ਹੱਲ ਨਹੀਂ ਲੱਭਿਆ ਜਾ ਰਿਹਾ। ਜਦੋਂ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਕੜਕਦੀ ਠੰਡ ‘ਚ ਸਿੰਘੂ ਤੇ ਟਿਕਰੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਕਿਸਾਨਾਂ ਦੀ ਸਮੱਸਿਆ ਦਾ 7 ਘੰਟੇ ਦੀ ਬਜਾਏ 7 ਮਿੰਟਾਂ ‘ਚ ਹੱਲ ਲੱਭ ਸਕਦੀ ਹੈ ਤੇ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਅਜਿਹਾ ਕੀਤਾ ਜਾ ਸਕਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੈਂ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦਿਨ ਦਾ ਸੈਸ਼ਨ ਬੁਲਾਇਆ ਜਾਵੇ ਤੇ ਕੇਂਦਰ ਦੇ ਕਾਨੂੰਨਾਂ ਖਿਲਾਫ ਕਾਰਵਾਈ ਸ਼ੁਰੂ ਹੋਵੇ। ਜਦੋਂ ਵੱਡੇ ਮੁੱਦਿਆਂ ‘ਤੇ ਸੁਪਰੀਮ ਕੋਰਟ ਰਾਤ ਨੂੰ ਖੁੱਲ੍ਹ ਸਕਦਾ ਹੈ ਤਾਂ ਲੋਕ ਸਭਾ ਕਿਉਂ ਨਹੀਂ ਖੁੱਲ ਸਕਦੀ। ਸ਼ਰਾਰਤੀ ਲੋਕ ਵੀ ਫੜੇ ਜਾ ਰਹੇ ਹਨ ਜਿਨ੍ਹਾਂ ‘ਤੇ ਕਿਸਾਨਾਂ ਦੀ ਪੈਨੀ ਨਜ਼ਰ ਹੈ। ਪਹਿਲਾਂ GST ‘ਤੇ ਵਪਾਰੀਆਂ ਨੂੰ ਤੇ ਨੋਟਬੰਦੀ ਲਾਗੂ ਕਰਕੇ ਜਨਤਾ ਨੂੰ ਸਮਝਾਇਆ ਜਾ ਰਿਹਾ ਸੀ ਤੇ ਹੁਣ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਾਲੇ ਕਾਨੂੰਨ ਉਨ੍ਹਾਂ ਦੇ ਹੱਕ ‘ਚ ਹਨ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਬਾਰਡਰ ‘ਤੇ BSF ਲਗਾਈ ਗਈ ਹੈ ਉਸ ਤੋਂ ਇੰਝ ਲੱਗਦਾ ਹੈ ਕਿ ਸਰਕਾਰ ਦੇ ਦਿਲ ‘ਚ ਕੁਝ ਹੋਰ ਤੇ ਅਸਲੀਅਤ ‘ਚ ਕੁਝ ਹੋਰ ਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜੋ ਬੈਠਕ ਹੋਈ ਉਸ ‘ਚ ਵੀ ਰਾਸ਼ਟਰੀ ਸੁਰੱਖਿਆ ਦੀ ਗੱਲ ਕੀਤੀ ਗਈ ਤੇ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਜੋ ਕਿ ਸਾਰਿਆਂ ਦਾ ਪੇਟ ਪਾਲਦਾ ਹੈ ਤੇ ਜਿਨ੍ਹਾਂ ਦੇ ਬੱਚੇ ਬਾਰਡਰ ‘ਤੇ ਦੇਸ਼ ਦੀ ਰੱਖਿਆ ਕਰ ਰਹੇ ਹਨ ਉਨ੍ਹਾਂ ‘ਤੇ ਸਰਕਾਰ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : ਸਭ ਦੀਆਂ ਸੁਣ ਲਈਆਂ, ਹੁਣ ਸੁਣੋ ਆਖਿਰ ਦਿੱਲੀ ਦੇ ਲੋਕ ਕੀ ਸੋਚਦੇ ਨੇ ਕਿਸਾਨਾਂ ਦੇ ਕਾਨੂੰਨਾਂ ਬਾਰੇ…