Baba Seva Singh announces : ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਨੇ ਆਪਣਾ ਪਦਮ ਸ੍ਰੀ ਇਨਾਮ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਇਕ ਪੱਤਰ ਅੱਜ ਰਾਸ਼ਟਰਪਤੀ ਨੂੰ ਭੇਜਦਿਆਂ ਬਾਬਾ ਸੇਵਾ ਸਿੰਘ ਜੀ ਨੇ ਲਿਖਿਆ ਕਿ, “ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸੰਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ ‘ਪਦਮ ਸ੍ਰੀ ਅਵਾਰਡ’ ਵਾਪਸ ਕਰ ਰਿਹਾ ਹਾਂ”
ਉਨ੍ਹਾਂ ਅਗੇ ਲਿਖਿਆ ਕਿ ਅੱਜ ਜਦੋਂ ਸਮੁੱਚੇ ਭਾਰਤ ਦੇ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤਾਂ ਅਜਿਹੇ ਸਮੇਂ ਵਿਚ ਸਰਕਾਰ ਦੁਆਰਾ ਅਪਣਾਇਆ ਜਾ ਰਿਹਾ ਵਤੀਰਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਣ ਸਨਮਾਨ ਲੋਕ ਅਤੇ ਸਮਾਜ ਭਲਾਈ ਲਈ ਹੀ ਮਿਲਦੇ ਹਨ, ਜਦੋਂ ਆਮ ਲੋਕਾਂ ਨਾਲ ਵਧੀਕੀ ਹੋ ਰਹੀ ਹੋਵੇ, ਉਨ੍ਹਾਂ ਨੂੰ ਲਿਤਾੜਿਆ ਜਾ ਰਿਹਾ ਹੋਵੇ, ਲੋਕ ਕੜਾਕੇ ਦੀ ਠੰਡ ਵਿਚ ਸੜਕਾਂ ‘ਤੇ ਦਿਨ ਰਾਤ ਗੁਜ਼ਾਰ ਰਹੇ ਹੋਣ ਅਤੇ ਅਜਿਹੇ ਵਿਚ ਰਾਸ਼ਟਰ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੋਵੇ ਤਾਂ ਅਜਿਹੇ ਰਾਸ਼ਟਰੀ ਸਨਮਾਨ ਨੂੰ ਕੋਲ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਬੀਤੇ ਦਿਨ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਾਸ ਨੇ ਵੀ ਆਪਣੇ ਐਵਾਰਡ ਕੇਂਦਰ ਨੂੰ ਵਾਪਿਸ ਕਰ ਦਿੱਤੇ। ਇਸ ਦੇ ਨਾਲ ਹੀ ਪੰਜਾਬ ਦੇ ਕਈ ਸਾਹਿਤਕਾਰਾਂ ਨੇ ਵੀ ਅਜਿਹਾ ਹੀ ਕੀਤਾ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਖਿਡਾਰੀਆਂ ਨੇ ਵੱਡਾ ਐਲਾਨ ਕੀਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਉਹ ਆਪਣੇ ਐਵਾਰਡ ਕੇਂਦਰ ਨੂੰ ਵਾਪਿਸ ਕਰਨਗੇ। ਇਨ੍ਹਾਂ ਵਿੱਚ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਸਣੇ ਪੰਜਾਬ ਦੇ 27 ਖਿਡਾਰੀਆਂ ਨੇ ਕਿਸਾਨਾਂ ਦੇ ਸਮਰਥਨ ਵਿਚ ਅੱਗੇ ਆਏ ਹਨ। ਪਰਗਟ ਸਿੰਘ ਤੋਂ ਇਲਾਵਾ ਕਰਤਾਰ ਸਿੰਘ ਪਹਿਲਵਾਨ, ਬ੍ਰਿਗੇਡ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ, ਗੁਨਦੀਪ ਕੁਮਾਰ, ਸੁਸ਼ੀਲ ਕੋਹਲੀ, ਮੁਖਬੈਨ ਸਿੰਘ, ਕਰਨਲ ਬਲਬੀਰ ਸਿੰਘ, ਗੁਰਮੇਲ ਸਿੰਘ, ਸੁਨਹਿਰੀ ਲੜਕੀ ਰਣਬੀਰ ਕੌਰ, ਜਗਦੀਸ਼ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਚੰਚਲ ਰੰਧਾਵਾ, ਸੱਜਣ ਸਿੰਘ ਚੀਮਾ, ਹਰਦੀਪ ਸਿੰਘ, ਅਜੀਤ ਸਿੰਘ, ਸ਼ਾਮ ਲਾਲ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਮਨ ਸ਼ਰਮਾ, ਪ੍ਰੇਮਚੰਦ ਡੋਗਰਾ, ਬਲਵਿੰਦਰ ਸਿੰਘ ਅਤੇ ਸਰੋਜ ਬਾਲਾ ਵਰਗੇ ਖਿਡਾਰੀ ਵੀ ਪੁਰਸਕਾਰ ਵਾਪਸ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਰਾਜ ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਨ੍ਹੀਂ ਦਿਨੀਂ ਕਿਸਾਨਾਂ ਦਾ ਅੰਦੋਲਨ ਦਿੱਲੀ ਸਰਹੱਦ ਦੇ ਨਾਲ ਚੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਹੁਣ ਤੱਕ ਸਵੀਕਾਰ ਨਹੀਂ ਕੀਤਾ।