400th birth anniversary : ਚੰਡੀਗੜ੍ਹ : ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ 23 ਅਪ੍ਰੈਲ, 2021 ਤੋਂ ਲੈ ਕੇ 1 ਮਈ ਨੂੰ ਪੰਜਾਬ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਜਾਏਗਾ 23 ਅਪ੍ਰੈਲ ਨੂੰ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ ਗੁਰੂ ਕਾ ਮਹਿਲ, ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਾਬਾ ਬਕਾਲਾ ਵਿਖੇ ਪਹੁੰਚੇਗਾ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਜ ਪੱਧਰੀ 400 ਵੇਂ ਜਨਮ ਦਿਵਸ ਸਮਾਰੋਹ ਦੇ ਲੋਗੋ ਦੀ ਘੁੰਢ ਚੁਕਾਈ ਮੌਕੇ ਕੀਤਾ। ਇਹ ਸਮਾਗਮ ਅਪਰੈਲ-ਮਈ 2021 ਵਿਚ ਕੋਵਿਡ ਮਹਾਮਾਰੀ ਕਾਰਨ ਇਕੋ ਹੀ ਪੜਾਅ ਵਿਚ ਹੋਵੇਗਾ। ਪਹਿਲਾਂ ਇਸ ਦੇ ਜਸ਼ਨ ਦੋ ਪੜਾਅ ਵਿੱਚ ਮਨਾਏ ਜਾਣੇ ਸਨ।
ਇਸ ਸਮਾਰੋਹ ਲਈ ਕਾਰਜਕਾਰੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦੇਸ਼ ਦੇ ਧਰਮ ਨਿਰਪੱਖ ਚਰਿੱਤਰ ਨੂੰ ਦਰਸਾਉਣ ਲਈ ‘ਸਰਵ ਧਰਮ’ ਸਾਲ ਵਜੋਂ ਸਮਾਰੋਹ ਮਨਾ ਕੇ ‘ਹਿੰਦ ਦੀ ਚਾਦਰ’ ਨੂੰ ਸਮਰਪਿਤ ਕਰਨ ਦਾ ਸੁਝਾਅ ਦਿੱਤਾ। ਇਤਿਹਾਸਕ ਮੌਕੇ ਦੀ ਯਾਦ ਦਿਵਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਤਜਵੀਜ਼ ਤਿਆਰ ਕਰਨ ਲਈ ਸੈਰ-ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਰਾਜ ਦੇ ਸਾਰੇ 103 ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਵਿਕਾਸ ਕਾਰਜ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਇਸ ਸਬੰਧ ਵਿਚ 80 ਸ਼ਹਿਰਾਂ ਵਿਚੋਂ ਹਰੇਕ ਲਈ 40-50 ਲੱਖ ਰੁਪਏ ਅਤੇ 23 ਸ਼ਹਿਰੀ ਖੇਤਰਾਂ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੇਣ ਦਾ ਸੁਝਾਅ ਦਿੱਤਾ। ਕੈਪਟਨ ਅਮਰਿੰਦਰ ਨੇ ਸਪੀਕਰ ਅਤੇ ਵਿਧਾਇਕ ਕੇ.ਪੀ. ਰਾਣਾ ਦੇ ਸੁਝਾਅ ਨੂੰ ਸਵੀਕਾਰ ਕਰ ਲਿਆ ਕਿ ਮਹਾਨ ਗੁਰੂ ਨਾਲ ਸਬੰਧਿਤ ਦੋ ਕਸਬੇ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਲਈ ਵੱਖਰੇ ਵਿਕਾਸ ਪ੍ਰਾਜੈਕਟ ਅਤੇ ਫੰਡ ਰੱਖੇ ਜਾਣੇ ਚਾਹੀਦੇ ਹਨ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸਾਰੇ ਸਬੰਧਤ ਵਿਭਾਗੀ ਸੱਕਤਰਾਂ ਨਾਲ ਵਿਚਾਰ ਵਟਾਂਦਰੇ ਕਰਨ ਅਤੇ ਇਸ ਵਿਚ ਸ਼ਾਮਲ ਪ੍ਰਾਜੈਕਟਾਂ ਅਤੇ ਇਕਜੁਟ ਖਰਚਿਆਂ ਦੀ ਵਿਸਥਾਰਤ ਸੂਚੀ ਤਿਆਰ ਕਰਨ ਅਤੇ ਪ੍ਰਵਾਨਗੀ ਲਈ ਕਾਰਜਕਾਰੀ ਕਮੇਟੀ ਨੂੰ ਸੌਂਪਣ ਲਈ ਕਿਹਾ। ਉਨ੍ਹਾਂ ਇਸਨੂੰ ਬਾਅਦ ਵਿੱਚ ਭਾਰਤ ਸਰਕਾਰ ਨੂੰ ਫੰਡ ਦੇਣ ਲਈ ਸੁਝਾਅ ਦਿੱਤਾ ਕਿਉਂਕਿ ਪ੍ਰਧਾਨਮੰਤਰੀ ਦੀ ਪ੍ਰਧਾਨਗੀ ਵਿੱਚ ਗੁਰੂ ਤੇਗ ਬਹਾਦਰ ਸਮਾਗਮਾਂ ਲਈ ਇੱਕ ਕਮੇਟੀ ਬਣਾਈ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੀਟਿੰਗ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਪ੍ਰਾਜੈਕਟਾਂ ਦੀ ਸੂਚੀ ਦੇ ਅੰਤਮ ਹੋ ਜਾਣ ਤੋਂ ਬਾਅਦ ਸੂਬਾ ਪੱਧਰੀ ਲੋੜੀਂਦੇ ਫੰਡਾਂ ਦਾ ਪ੍ਰਬੰਧ ਕਰੇਗਾ।