India vs Australia 1st T20 : ਟੀਮ ਇੰਡੀਆ ਨੇ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ। ਵਿਰਾਟ ਬ੍ਰਿਗੇਡ ਨੇ ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡੇ ਗਏ ਪਹਿਲੇ ਟੀ -20 ਮੈਚ ਵਿੱਚ ਆਸਟ੍ਰੇਲੀਆ ਨੂੰ 11 ਦੌੜਾਂ ਨਾਲ ਹਰਾਇਆ ਹੈ। ਵਨਡੇ ਸੀਰੀਜ਼ 1-2 ਨਾਲ ਹਾਰਨ ਤੋਂ ਬਾਅਦ ਭਾਰਤ ਨੇ ਟੀ -20 ਸੀਰੀਜ਼ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ 1-0 ਦੀ ਬੜ੍ਹਤ ਬਣਾ ਲਈ ਹੈ। ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ ਵਿੱਚ ਆਸਟ੍ਰੇਲੀਆ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 150 ਦੌੜਾਂ ਹੀ ਬਣਾ ਸਕਿਆ। ਟੀ. ਨਟਰਾਜਨ ਅਤੇ ਯੁਜਵੇਂਦਰ ਚਾਹਲ ਨੇ ਭਾਰਤ ਲਈ 3-3 ਵਿਕਟਾਂ ਲਈਆਂ। ਜਦਕਿ ਦੀਪਕ ਚਾਹਰ ਨੇ 1 ਵਿਕਟ ਹਾਸਿਲ ਕੀਤੀ।
ਕੇ ਐਲ ਰਾਹੁਲ ਨੇ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਟੀ -20 ਕ੍ਰਿਕਟ ਵਿੱਚ ਅਰਧ-ਸੈਂਕੜਾ ਲਗਾਇਆ, ਪਰ ਰਵਿੰਦਰ ਜਡੇਜਾ ਦੀ ਹਮਲਾਵਰ ਪਾਰੀ ਭਾਰਤ ਲਈ ਇੱਕ ਸੰਕਟਮੋਚਕ ਸਾਬਿਤ ਹੋਈ, ਜਿਸ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਟੀ -20 ਵਿੱਚ ਸੱਤ ਵਿਕਟਾਂ ‘ਤੇ 161 ਦੌੜਾਂ ਤੱਕ ਪਹੁੰਚਿਆ। ਕੇਐਲ ਰਾਹੁਲ ਨੇ ਟੀਮ ਇੰਡੀਆ ਲਈ ਸਭ ਤੋਂ ਵੱਧ 51 ਦੌੜਾਂ ਬਣਾਈਆਂ ਜਦਕਿ ਰਵਿੰਦਰ ਜਡੇਜਾ ਨੇ 44 ਦੌੜਾਂ ਬਣਾਈਆਂ।