Players will return awards: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਦੇ ਖਿਡਾਰੀ ਵੀ ਉਨ੍ਹਾਂ ਦੇ ਹੱਕ ਵਿੱਚ ਆ ਗਏ ਹਨ । ਇਨ੍ਹਾਂ ਖਿਡਾਰੀਆਂ ਨੇ ਆਪਣੀ ਮਿਹਨਤ ਨਾਲ ਜਿੱਤੇ ਸਾਰੇ ਅਵਾਰਡ ਅਤੇ ਤਗਮੇ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ ।
ਇਸ ਮੁੱਦੇ ‘ਤੇ ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ ਦੇ ਘਰ ਵਿੱਚ ਗੋਲਡਨ ਗਰਲ ਰਾਜਬੀਰ ਕੌਰ ਓਲੰਪੀਅਨ ਦਵਿੰਦਰ ਸਿੰਘ ਗਰਚਾ ਅਤੇ ਓਲੰਪੀਅਨ ਗੁਰਮੇਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਲੋਕ ਲਗਭਗ 37 ਅਵਾਰਡ ਅਤੇ ਤਗਮੇ ਵਾਪਸੀ ਲਈ ਅੱਜ ਯਾਨੀ ਕਿ ਸ਼ਨੀਵਾਰ ਨੂੰ ਦਿੱਲੀ ਲਈ ਰਵਾਨਾ ਹੋਣਗੇ ।
ਉਨ੍ਹਾਂ ਦੱਸਿਆ ਕਿ ਉਹ ਸ਼ਨੀਵਾਰ ਨੂੰ ਦ੍ਰੋਣਾਚਾਰੀਆ ਅਵਾਰਡ, ਅਰਜੁਨ ਅਵਾਰਡ, ਮੇਜਰ ਧਿਆਨਚੰਦ ਅਵਾਰਡ ਅਤੇ ਤਿੰਨ ਹੋਰ ਅਵਾਰਡ ਨਾਲ ਜਲੰਧਰ ਤੋਂ ਰਵਾਨਾਂ ਹੋ ਕੇ ਸਿੰਘੁ ਬਾਰਡਰ ‘ਤੇ ਕਿਸਾਨਾਂ ਨੂੰ ਮਿਲ ਕੇ ਇਹ ਅਵਾਰਡ ਵਾਪਸ ਕਰਨਗੇ । ਇਸ ਮੁੱਦੇ ‘ਤੇ 6 ਅਤੇ 7 ਦਸੰਬਰ ਨੂੰ ਰਾਸ਼ਟਰਪਤੀ ਤੋਂ ਮੈਡਲ ਅਤੇ ਅਵਾਰਡ ਵਾਪਸ ਕਰਨ ਲਈ ਮੀਟਿੰਗ ਲਈ ਵੀ ਕਿਹਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਪਦਮ ਵਿਭੂਸ਼ਣ ਅਵਾਰਡ ਵਾਪਸ ਕਰ ਦਿੱਤਾ । ਉਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਪਦਮ ਭੂਸ਼ਣ ਅਵਾਰਡ ਵਾਪਸ ਕਰਨ ਦੀ ਗੱਲ ਵੀ ਕੀਤੀ ਹੈ । ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਤਕਰੀਬਨ ਤਿੰਨ ਪੰਨਿਆਂ ਦਾ ਪੱਤਰ ਲਿਖ ਕੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ‘ਤੇ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਇਸ ਨਾਲ ਆਪਣਾ ਅਵਾਰਡ ਵਾਪਸ ਕੀਤਾ ।
ਇਹ ਵੀ ਦੇਖੋ: ਪੰਜਾਬ ਦੀ ਸ਼ੇਰਨੀ ਨਵਜੋਤ ਕੌਰ ਲੰਬੀ ਨੇ ਸਨੀ ਦਿਓਲ ਨੂੰ ਦਿੱਤੀ ਪੰਜਾਬ ‘ਚ ਵੜਕੇ ਵਿਖਾਉਣ ਦੀ ਚੇਤਾਵਨੀ !