Prominent Sikh scientist : ਉੱਘੇ ਸਿੱਖ ਵਿਗਿਆਨੀ ਤੇ ਫ਼ਾਈਵਰ ਆਪਟਿਕ ਵਾਇਰ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕੰਪਾਨੀ ਅਮਰੀਕਾ ਦਾ ਕੈਲੇਫੋਰਨੀਆਂ ਵਿਚ ਬੀਤੇ ਦਿਨੀਂ ਦਿਹਾਂਤ ਹੋ ਗਿਆ। ਡਾ. ਨਰਿੰਦਰ ਸਿੰਘ ਕਪਾਨੀ ਦੇ ਚਲੇ ਜਾਣ ਨਾਲ ਵਿਗਿਆਨ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਦਾ ਯੁਗ ਡਾ ਨਰਿੰਦਰ ਸਿੰਘ ਕੰਪਾਨੀ ਦੀ ਹੀ ਦੇਣ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਜੰਮਪਲ ਉੱਘੇ ਅਮਰੀਕੀ ਸਾਇੰਸਦਾਨ ਅਤੇ ਸਿੱਖ ਕਲਾ ਤੇ ਸਾਹਿਤ ਦੇ ਸਰਪ੍ਰਸਤ ਡਾ. ਨਰਿੰਦਰ ਸਿੰਘ ਕਪਾਨੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਵਿਗਿਆਨੀਆਂ ਵਿਚ ਡਾ.ਨਰਿੰਦਰ ਸਿੰਘ ਕੰਪਾਨੀ ਦਾ ਨਾਮ ਆਧੁਨਿਕ ਤਕਨਾਲੋਜੀ ਦੇ ਖ਼ੇਤਰ ਵਿਚ ਇੰਟਰਨੈਟ ਅਤੇ ਟੈਲੀਫੋਨ ਦੀ ਵਰਤੋਂ ਲਈ ਵਰਤੀ ਜਾਂਦੀ ਫਾਈਵਰ ਵਾਇਰ ਦੀ ਖ਼ੋਜ ਕਰਨ ਕਰਕੇ ਦੁਨੀਆ ਵਿਚ ਜਾਣਿਆ ਜਾਂਦਾ ਹੈ। ਡਾ.ਕੰਪਾਨੀ ਨੂੰ ਫ਼ਾਈਬਰ ਆਪਟਿਕ ਵਾਇਰ ਦਾ ਪਿਤਾਮਾ ਕਿਹਾ ਜਾਂਦਾ ਹੈ। ਡਾ. ਨਰਿੰਦਰ ਸਿੰਘ ਕੰਪਾਨੀ ਦਾ ਜਨਮ 31 ਅਕਤੂਬਰ 1926 ਨੂੰ ਮੋਗਾ ਵਿਖੇ ਹੋਇਆ। ਭਾਵੇਂ ਅੱਜ ਕਲ੍ਹ ਉਹ ਅਮਰੀਕਾ ਵਿਚ ਰਹਿੰਦੇ ਸਨ ਪ੍ਰੰਤੂ ਪੰਜਾਬ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਪਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ 1955 ਵਿਚ ਇਮਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨਾਲੋਜੀ ਲੰਡਨ ਤੋਂ ਫਿਜਿਕਸ ਵਿਚ ਫ਼ਾਈਬਰ ਆਪਟਿਕਸ ਤੇ ਆਪਣੀ ਪੀ.ਐਚ.ਡੀ. ਦੀ ਡਿਗਰੀ ਦਾ ਥੀਸਜ਼ ਲਿਖਕੇ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਅਮਰੀਕਾ ਵਿਚ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਅਨੇਕਾਂ ਵਪਾਰਕ ਅਦਾਰੇ ਸਥਾਪਤ ਕਰਕੇ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਸੀ।
ਉਨ੍ਹਾਂ ਨੇ ਕਮਿਊਨੀਕੇਸ਼ਨ, ਲੇਜ਼ਰ, ਬਾਇਓ ਮੈਡੀਕਲ ਇਸਟਰੂਮੈਨਸ਼ਨ, ਸੋਲਰ ਅਨਰਜ਼ੀ ਅਤੇ ਪਾਲੂਸ਼ਨ ਮਾਨੀਟਰਿੰਗ ਦੇ ਵਿਸ਼ਿਆਂ ਵਿਚ ਖੋਜ ਕਰਕੇ ਮੁਹਾਰਤ ਹਾਸਲ ਕੀਤੀ। ਉਨ੍ਹਾਂ ਕੋਲ 100 ਪੇਟੈਂਟਸ ਸਨ।। ਉਨ੍ਹਾਂ ਨੂੰ 1998 ਵਿਚ ‘‘ਦਾ ਐਕਸਲੈਂਸ 2000 ਅਵਾਰਡ’’ ਦੇ ਕੇ ਸਨਮਾਨਤ ਕੀਤਾ ਗਿਆ ਸੀ। ਉਹ ਬਹੁਤ ਸਾਰੀਆਂ ਵਿਗਿਆਨਕ ਸੰਸਥਾਵਾਂ ਦਾ ਫੈਲੋ ਸਨ। ਉਨ੍ਹਾਂ ਨੇ ਸਿੱਖ ਅਜਾਇਬ ਘਰ ਸਥਾਪਤ ਕਰਨ ਵਿਚ ਸਾਰਾ ਖ਼ਰਚਾ ਆਪ ਕੀਤਾ ਸੀ। ਉਹ ਖ਼ੁਦ ਵੀ ਇੱਕ ਚੰਗੇ ਪੇਂਟਰ ਅਤੇ ਬੁਤਘਾੜੇ ਸਨ। ਉਹ ਕੈਲੇਫੋਰਨੀਆਂ ਦੇ ਬੇ ਏਰੀਆ ਵਿਚ ਆਪਣੇ ਪਰਿਵਾਰ ਪਤਨੀ ਸਤਿੰਦਰ ਕੌਰ ਕੰਪਾਨੀ, ਲੜਕਾ ਰਾਜਿੰਦਰ ਸਿੰਘ ਕੰਪਾਨੀ ਟੈਕਨਾਲੋਜੀ ਦਾ ਮਹਿਰ ਉਦਮੀ ਅਤੇ ਫਿਲਮ ਮੇਕਰ ਅਤੇ ਲੜਕੀ ਕਿਰਨ ਨਾਲ ਰਹਿ ਰਹੇ ਸਨ। ਡਾ ਨਰਿੰਦਰ ਸਿੰਘ ਕੰਪਾਨੀ ਦਾ ਨਾਂ ਰਹਿੰਦੀ ਦੁਨੀਆਂ ਤੱਕ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ।