Boxer Vijender Singh joins farmers: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ 11ਵੇਂ ਦਿਨ ਵੀ ਜਾਰੀ ਹੈ। ਦਿੱਲੀ-ਹਰਿਆਣਾ ‘ਤੇ ਸਥਿਤ ਸਿੰਘੁ ਬਾਰਡਰ ‘ਤੇ ਹਜ਼ਾਰਾਂ ਕਿਸਾਨ ਪਿਛਲੇ 10 ਦਿਨਾਂ ਤੋਂ ਡਟੇ ਹੋਏ ਹਨ। ਕਿਸਾਨਾਂ ਦਾ ਪ੍ਰਦਰਸ਼ਨ ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ ‘ਤੇ ਵੀ ਜਾਰੀ ਹੈ। ਇਸ ਤੋਂ ਇਲਾਵਾ ਕੁਝ ਕਿਸਾਨ ਬੁਰਾੜੀ ਮੈਦਾਨ ਵਿਖੇ ਵੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ 5 ਦੌਰ ਦੀ ਗੱਲ ਹੋ ਚੁੱਕੀ ਹੈ, ਪਰ ਰੁਕਾਵਟ ਜਾਰੀ ਹੈ । ਹੁਣ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ । ਇਸ ਦੇ ਨਾਲ ਹੀ ਹੁਣ ਸਾਰਿਆਂ ਦੀ ਨਜ਼ਰ 9 ਦਸੰਬਰ ਨੂੰ ਸਰਕਾਰ ਨਾਲ ਗੱਲਬਾਤ ‘ਤੇ ਟਿਕੀ ਹੋਈ ਹੈ।
ਦਰਅਸਲ, ਹੁਣ ਬਾਕਸਰ ਵਿਜੇਂਦਰ ਸਿੰਘ ਨੇ ਵੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਹੈ । ਕਿਸਾਨਾਂ ਦੇ ਸਮਰਥਨ ਵਿੱਚ ਵਿਜੇਂਦਰ ਸਿੰਘ ਸਿੰਘੂ ਬਾਰਡਰ ‘ਤੇ ਪਹੁੰਚੇ ਹਨ। ਇੱਥੇ ਉਨ੍ਹਾਂ ਕਿਹਾ ਕਿ ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਤੇ ਖੇਤੀ ਨਾਲ ਜੁੜੇ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਵਾਪਸ ਕਰ ਦੇਣਗੇ। ਦੱਸ ਦੇਈਏ ਕਿ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦੇਸ਼ ਦਾ ਸਰਵਉੱਚ ਖੇਡ ਅਵਾਰਡ ਹੈ।
ਇਸ ਤੋਂ ਇਲਾਵਾ NCP ਦੇ ਮੁਖੀ ਸ਼ਰਦ ਪਵਾਰ ਨੇ ਵੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਨਹੀਂ ਕਰਦੀ ਤਾਂ ਇਹ ਅੰਦੋਲਨ ਸਿਰਫ ਦਿੱਲੀ ਤੱਕ ਸੀਮਤ ਨਹੀਂ ਰਹੇਗਾ । ਪਵਾਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ‘ਤੇ ਪਰਿਪੱਕਤਾ ਦਿਖਾਉਣੀ ਚਾਹੀਦੀ ਹੈ । ਉੱਥੇ ਹੀ ਕਾਂਗਰਸ ਅਤੇ ਤੇਲੰਗਾਨਾ ਰਾਸ਼ਟਰ ਸੰਮਤੀ ਨੇ 8 ਦਸੰਬਰ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਭਾਰਤ ਬੰਦ ਦੇ ਐਲਾਨ ਦਾ ਸਮਰਥਨ ਕੀਤਾ ਹੈ । ਕਾਂਗਰਸ ਨੇ ਕਿਹਾ ਹੈ ਕਿ ਪਾਰਟੀ ਕਿਸਾਨਾਂ ਦੇ ਹਿੱਤ ਵਿੱਚ ਇਸ ਬੰਦ ਦਾ ਪੂਰਾ ਸਮਰਥਨ ਕਰੇਗੀ। ਪਵਾਰ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਮੰਗ ਨਾ ਮੰਨੀ ਗਈ ਤਾਂ ਲੋਕ ਉਨ੍ਹਾਂ ਦਾ ਸਮਰਥਨ ਕਰਨਗੇ।