Baba Nanak and Kauda Rakshas : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਕਈਆਂ ਨੂੰ ਤਾਰਿਆ। ਕੌਡਾ ਰਾਖਸ਼ ਵੀ ਉਨ੍ਹਾਂ ਵਿੱਚੋਂ ਹੀ ਇੱਕ ਸੀ। ਭਾਈ ਬਾਲੇ ਨੇ ਗੁਰੂ ਅੰਗਦ ਦੇਵ ਜੀ ਨੂੰ ਦੱਸਿਆ- ਗੁਰੂ ਜੀ ਨਾਲ ਮੈਂ ਤੇ ਮਰਦਾਨਾ ਮਨ ਪਰਚਾਵੇ ਵਾਸਤੇ ਹਾਸ ਬਿਲਾਸ ਕਰਦੇ ਹੋਏ ਕੁੱਝ ਕੋਹਾਂ ‘ਤੇ ਦੂਰ ਜਾ ਬੈਠੇ । ਇੱਥੇ ਬੈਠੇ ਬੈਠੇ ਗੁਰੂ ਜੀ ਨੇ ਮਰਦਾਨੇ ਦਾ ਮਨ ਭਰਮਾ ਦਿੱਤਾ ਉਸਨੇ ਕਿਹਾ , ਗੁਰੂ ਜੀ ਮੈਨੂੰ ਆਗਿਆ ਦਿਓ ਮੈ ਘਰ ਚਲਿਆ ਜਾਵਾਂ ਮੇਰਾ ਮਨ ਉਦਾਸ ਹੋਗਿਆ ਹੈ ਹੁਣ ਮੈਂ ਤੁਹਾਡੇ ਨਾਲ ਅੱਗੇ ਨਹੀਂ ਜਾਵਾਂਗਾ। ਗੁਰੂ ਜੀ ਨੇ ਉਸ ਨੂੰ ਰੋਕਿਆ ਪਰ ਮਰਦਾਨਾ ਗੁਰੂ ਜੀ ਦੀ ਕੋਈ ਗੱਲ ਨਾ ਮੰਨਿਆ ਤੇ ਆਗਿਆ ਲੈ ਕੇ ਇਕੱਲਾ ਹੀ ਤੁਰ ਪਿਆ । ਗੁਰੂ ਜੀ ਬਾਲੇ ਨਾਲ ਉੱਥੇ ਉਜਾੜ ਵਿੱਚ ਹੀ ਬੈਠੇ ਰਹੇ ਇਕ ਕਦਮ ਵੀ ਅਗੇ ਨਾ ਤੁਰੇ। ਮਰਦਾਨਾ ਜਦ ਤੁਰ ਕੇ ਥੋੜੀ ਦੂਰ ਗਿਆ ਤਾਂ ਉਸ ਨੂੰ ਜੰਗਲ ਦੇ ਰਸਤੇ ਵਿੱਚ ਇਕ ਰਾਖਸ਼ ਨੇ ਫੜ ਲਿਆ ਅਤੇ ਆਪਣੇ ਰਹਿਣ ਵਾਲੀ ਥਾਂ ਭਿਆਨਕ ਜੰਗਲ ਵਿੱਚ ਲੈ ਗਿਆ । ਰਾਖਸ਼ ਨੂੰ ਵੇਖ ਕੇ ਉਸਦੇ ਕਾਬੂ ਆਇਆ ਹੋਇਆ ਮਰਦਾਨਾ ਥਰ-ਥਰ ਕੰਬਣ ਲੱਗਾ ਅਤੇ ਉਸਦਾ ਮੂੰਹ ਡਰ ਨਾਲ ਪੀਲਾ ਹੋ ਗਿਆ। ਇਸ ਦਸ਼ਾ ਵਿੱਚ ਮਰਦਾਨਾ ਗੁਰੂ ਜੀ ਨੂੰ ਯਾਦ ਕਰਨ ਲੱਗਾ ਕਿ ਗੁਰੂ ਜੀ ਹੁਣ ਮੈਨੂੰ ਇਸ ਬਿਪਤਾ ਤੋਂ ਛੁਡਾਓ, ਮੁੜ ਮੈਂ ਤੁਹਾਡੀ ਆਗਿਆ ਕਦੀ ਭੰਗ ਨਹੀਂ ਕਰਾਂਗਾ ਇਧਰ ਬਾਲੇ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ । ਅਗੇ ਕਿਉਂ ਨਹੀਂ ਚਲਦੇ ਇੱਥੇ ਜੰਗਲ ਵਿੱਚ ਕਿਉਂ ਬੈਠ ਰਹੇ ਹੋ ।
ਗੁਰੂ ਜੀ ਨੇ ਕਿਹਾ, ਬਾਲਾ ! ਅੱਗੇ ਕਿਸ ਤਰ੍ਹਾਂ ਚਲੀਏ ਮਰਦਾਨਾ ਤਾਂ ਇਕ ਰਾਖਸ਼ ਨੇ ਫੜਿਆ ਹੋਇਆ ਹੈ ਤੇ ਉਸਨੂੰ ਤੇਲ ਦੇ ਕੜਾਹੇ ਵਿੱਚ ਤਲ ਕੇ ਖਾਣ ਦੀ ਤਿਆਰੀ ਕਰ ਰਿਹਾ ਹੈ । ਚੱਲ ਕੇ ਪਹਿਲਾਂ ਉਸਦੀ ਬੰਦਖਲਾਸ ਕਰਾਈਏ । ਬਾਲੇ ਨਾਲ ਗੁਰੂ ਸਾਹਿਬ ਜਿੱਥੇ ਰਾਖਸ਼ ਮਰਦਾਨੇ ਨੂੰ ਖਾਣ ਦੀ ਤਿਆਰੀ ਕਰ ਰਿਹਾ ਸੀ ਛਿਨ ਭਰ ਵਿੱਚ ਪਹੁੰਚ ਗਏ । ਕੌਡੇ ਰਾਖਸ਼ ਦਾ ਘਰ ਬੜੇ ਸੰਘਣੇ ਜੰਗਲ ਵਿੱਚ ਸੀ । ਬ੍ਰਿੱਛਾ ਦੀ ਆੜ ਵਿਚੋਂ ਮਰਦਾਨੇ ਨੂੰ ਵੇਖਕੇ ਗੁਰੂ ਜੀ ਨੇ ਹੱਸਕੇ ਆਖਿਆ – ਇੱਥੇ ਕਿਉਂ ਬੈਠਾ ਹੈ ਘਰ ਕਿਉਂ ਨਹੀਂ ਜਾਂਦਾ ? ਗੁਰੂ ਜੀ ਦੇ ਬਚਨ ਸੁਣਕੇ ਮਰਦਾਨਾ ਸ਼ਰਮਿੰਦਾ ਹੋ ਗਿਆ ਤੇ ਹੱਥ ਜੋੜ ਕੇ ਕਿਹਾ ਮਹਾਰਾਜ ! ਮੇਰੇ ਪਾਸੋਂ ਭੁੱਲ ਹੋ ਗਈ ਹੈ ਮੈਨੂੰ ਬਖਸ਼ੋ । ਗੁਰੂ ਜੀ ਬ੍ਰਿੱਛਾਂ ਦੇ ਉਹਲੇ ਲੁਕੇ ਹੋਏ ਸਨ ਮਰਦਾਨਾ ਆਪ ਜੀ ਨੂੰ ਵੇਖ ਰਿਹਾ ਸੀ ਪਰ ਰਾਖਸ਼ ਨੂੰ ਦਿਖਾਈ ਨਹੀਂ ਦਿੰਦੇ ਸਨ । ਜਦੋਂ ਤੇਲ ਦਾ ਕੜਾਹਾ ਅੱਗ ਵਾਂਗੂੰ ਤਪ ਗਿਆ ਤਾਂ ਰਾਖਸ਼ ਮਰਦਾਨੇ ਨੂੰ ਫੜ ਕੇ ਤੇਲ ਵਿੱਚ ਸੁੱਟਣ ਲੱਗਾ ਤਾਂ ਮਰਦਾਨੇ ਨੇ ਵਿਆਕੁਲ ਹੋ ਕੇ ਗੁਰੂ ਜੀ ਦਾ ਨਾਮ ਲੈ ਕੇ ਰੱਖ ਲਵੋ ਰੱਖ ਲਵੋ ਆਖਿਆ ।
ਮਰਦਾਨੇ ਦੇ ਇਸ ਸ਼ਬਦ ਕਹਿੰਦਿਆਂ ਜਦ ਰਾਖਸ਼ ਨੇ ਉਸਨੂੰ ਤੱਪਦੇ ਤੇਲ ਵਿੱਚ ਸੁਟ ਦਿੱਤਾ ਤਾਂ ਮਰਦਾਨੇ ਦੇ ਸਰੀਰ ਲੱਗਣ ਨਾਲ ਹੀ ਸਿਆਲੇ ਦੇ ਪਾਣੀ ਵਾਂਗੂੰ ਤੇਲ ਠੰਢਾ ਹੋ ਗਿਆ । ਇਹ ਕੌਤਕ ਵੇਖਕੇ ਕੌਡਾ ਬੜਾ ਹੈਰਾਨ ਹੋਇਆ ਗਿਆ ਅਤੇ ਜਦ ਉਸਨੇ ਆਪਣੀ ਹੈਰਾਨਗੀ ਦੇ ਕਾਰਨ ਇੱਧਰ ਉੱਧਰ ਵੇਖਿਆ ਤਾਂ ਗੁਰੂ ਜੀ ਨੇ ਸਾਹਮਣੇ ਹੋ ਕੇ ਉਸਨੂੰ ਦਿਖਾਈ ਦੇ ਦਿੱਤੀ । ਗੁਰੂ ਜੀ ਨੂੰ ਵੇਖਦੇ ਸਾਰ ਹੀ ਕੌਡੇ ਨੇ ਆਖਿਆ, ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਜਿਸਨੇ ਮੇਰਾ ਤੱਪਦਾ ਕੜਾਹਿਆ ਠੰਢਾ ਕਰ ਦਿੱਤਾ ਹੈ । ਗੁਰੂ ਜੀ ਨੇ ਕਿਹਾ – ਕੌਡਾ! ਤੂੰ ਦੇਰੀ ਕਿਉਂ ਕਰਦਾ ਹੈ ਤੂੰ ਇਸ ਨੂੰ ਖਾ ਲੈ। ਇਹ ਤੇਰਾ ਭੋਜਨ ਹੈ ਬਿਨ ਤਲੇ ਖਾ ਲੈ। ਕੌਡੇ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਮੇਰਾ ਨਾਮ ਕਿਸ ਤਰ੍ਹਾਂ ਜਾਣਦੇ ਹੋ! ਮੈ ਤਾਂ ਤੁਹਾਨੂੰ ਅੱਜ ਪਹਿਲੀ ਵਾਰ ਹੀ ਵੇਖਿਆ ਹੈ। ਇਸ ਗੱਲ ਕਰਨ ਦੇ ਨਾਲ ਹੀ ਕੌਡੇ ਨੂੰ ਗੁਰੂ ਜੀ ਦੇ ਦਰਸ਼ਨ ਦਾ ਸਦਕਾ ਪਹਿਲਾਂ ਗਿਆਨ ਹੋ ਗਿਆ ਅਤੇ ਉਹ ਕੁਟੀਆ ਵਿਚੋਂ ਆਪਣਾ ਇਕ ਸ਼ੀਸ਼ਾ ਲੈ ਆਇਆ । ਗੁਰੂ ਜੀ ਅੱਗੇ ਰੱਖ ਕੇ ਆਪ ਉਸ ਵਿਚੋਂ ਆਪ ਜੀ ਦਾ ਚਿਹਰੇ ਦਾ ਅਕਸ ਵੇਖਕੇ ਤਤਛਿਨ ਹੀ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਖੜਾ ਹੋ ਗਿਆ ।
ਕੌਡਾ ਗੁਰੂ ਜੀ ਵਾਸਤੇ ਭੇਟਾ ਲਈ ਮਿੱਠੇ ਫਲ ਲੈ ਆਇਆ। ਗੁਰੂ ਜੀ ਨੇ ਆਪਣੇ ਅੱਗੋ ਚੁੱਕ ਕੇ ਕੁਝ ਫਲ ਕੌਡੇ ਨੂੰ ਦਿਤੇ ਜਿਸ ਦੇ ਖਾਣ ਨਾਲ ਉਹ ਤਤਛਿਨ ਹੀ ਦੇਵਤਾ ਰੂਪ ਹੋ ਕੇ ਗੁਰੂ ਜੀ ਦੀ ਉਸਤਤੀ ਕਰਨ ਲੱਗ ਪਿਆ। ਬੜੀ ਸ਼ਰਧਾ ਨਾਲ ਉਸਤਤਿ ਕਰਕੇ ਆਪਣਾ ਹਾਲ ਇਸ ਤਰ੍ਹਾਂ ਸੁਣਾਇਆ — ਮਹਾਰਾਜ ਜੀ ਤੁਸੀਂ ਅੰਤਰਜਾਮੀ ਸਭ ਕੁਝ ਜਾਣਦੇ ਹੋ ਪਰ ਤੁਹਾਡੀ ਆਗਿਆ ਮੰਨ ਕੇ ਮੈ ਆਪਣਾ ਹਾਲ ਦਸਦਾ ਹਾਂ । ਪਹਿਲੇ ਜਨਮ ਵਿੱਚ ਮੈ ਬ੍ਰਾਹਮਣ ਸਾਂ ਵਿਦਿਆ ਪੜ੍ਹਕੇ ਮੈਨੂੰ ਬੜਾ ਅਭਿਮਾਨ ਹੋ ਗਿਆ । ਇਕ ਦਿਨ ਮੇਰੇ ਗੁਰੂ ਸੁਭਾਵਕ ਹੀ ਮੇਰੇ ਘਰ ਆ ਗਏ ਮੈਂ ਅੱਗੋਂ ਉੱਠ ਕੇ ਉਹਨਾਂ ਸਤਿਕਾਰ ਨਾ ਕੀਤਾ। ਉਹਨਾਂ ਨੇ ਮੇਰੀ ਅਵੱਗਿਆ ਵੇਖ ਕੇ ਕ੍ਰੋਧ ਨਾਲ ਮੈਨੂੰ ਸਰਾਪ ਦੇ ਦਿੱਤਾ ਤੇ ਕਿਹਾ ਕਿ ਤੂੰ ਰਾਖਸ਼ ਸਰੀਰ ਧਾਰਨ ਕਰਕੇ ਖੋਟੇ ਕਰਮ ਕਰੇਂਗਾ। ਉਨ੍ਹਾਂ ਦਾ ਸਰਾਪ ਸੁਣਕੇ ਮੈ ਬੜਾ ਡਰ ਗਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਗੁਰੂ ਜੀ! ਮੇਰੇ ਅਪਰਾਧ ਮੈਨੂੰ ਡੰਨ ਰਾਕਸ਼ ਦੇਹੀ ਧਾਰਨ ਦਾ ਮਿਲਿਆ ਹੈ ਇਸ ਤੋਂ ਮੇਰਾ ਛੁਟਕਾਰਾ ਕਦੋਂ ਹੋਵੇਗਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਖਿਆ ਕਿ ਜਦੋਂ ਨਿਰੰਕਾਰ ਅਵਤਾਰ ਧਾਰਕੇ ਸੰਸਾਰ ਵਿੱਚ ਆਵੇਗਾ ਉਹਨਾਂ ਦੇ ਦਰਸ਼ਨ ਕਰਕੇ ਤੇਰਾ ਪਾਰ ਉਤਾਰਾ ਹੋਵੇਗਾ । ਮੈਂ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਪਛਾਣਾਂਗਾ ਕਿਰਪਾ ਕਰਕੇ ਮੈਨੂੰ ਇਹ ਗੱਲ ਸਮਝਾਓ। ਫਿਰ ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਸ਼ੀਸ਼ਾ ਦਿੱਤਾ ਅਤੇ ਸਮਝਾਇਆ ਕਿ ਇਸ ਵਿਚੋਂ ਜਿਸ ਦਾ ਚਿਹਰਾ ਮਨੁੱਖ ਰੂਪ ਹੀ ਦਿਸੇ ਉਸਨੂੰ ਸਮਝ ਲਵੀਂ ਕਿ ਇਹ ਨਿਰੰਕਾਰ ਦਾ ਅਵਤਾਰ ਹੈ । ਉਸ ਤੋਂ ਤੇਰਾ ਉਧਾਰ ਹੋਵੇਗਾ । ਮੈਂ ਇਹ ਸ਼ੀਸ਼ਾ ਗੁਰੂ ਜੀ ਤੋਂ ਲੈ ਕੇ ਇਸ ਜੰਗਲ ਵਿੱਚ ਆਣ ਕੇ ਡੇਰਾ ਕਰ ਲਿਆ । ਅਨੇਕਾਂ ਹੀ ਮਨੁੱਖ ਫੜ ਕੇ ਉਹਨਾਂ ਦੇ ਚਿਹਰੇ ਮੈਂ ਸ਼ੀਸ਼ੇ ਵਿਚੋਂ ਵੇਖਦਾ ਰਿਹਾ ਪਰ ਮੈਨੂੰ ਜਾਨਵਰਾਂ ਦੇ ਮੂੰਹ ਹੀ ਇਸ ਵਿਚੋਂ ਦਿਸਦੇ ਰਹੇ ਹਨ । ਅੱਜ ਇਕ ਤੁਹਾਡਾ ਹੀ ਚਿਹਰਾ ਮਨੁੱਖ ਦਾ ਦਿੱਸਿਆ ਹੈ ਅਤੇ ਮੈਨੂੰ ਨਿਸਚਾ ਹੋ ਗਿਆ ਹੈ ਕਿ ਹੁਣ ਮੇਰਾ ਸਰਾਪ ਕਟਿਆ ਗਿਆ ਹੈ । ਮੈਨੂੰ ਆਗਿਆ ਦਿਓ ਮੈਂ ਬ੍ਰਹਮ ਲੋਕ ਨੂੰ ਜਾਵਾਂ ਇਹ ਬੇਨਤੀ ਕਰਕੇ ਕੌਡੇ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਦੇਵ ਸਰੂਪ ਧਾਰ ਕੇ ਬ੍ਰਹਮ ਲੋਕ ਨੂੰ ਚਲਿਆ ਗਿਆ।