Khanna elder dies in farmer protest: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਪਹਿਲਾਂ, ਕਿਸਾਨਾਂ ਨੇ ਪੁਲਿਸ ਨਾਲ ਤਕਰਾਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ ‘ਤੇ ਡੇਰਾ ਲਾ ਲਿਆ ਸੀ। ਕਿਸਾਨਾਂ ਦਾ ਸੰਘਰਸ਼ ਲੰਬੇ ਸਮੇਂ ਤੋਂ ਜਾਰੀ ਹੈ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ । ਇਸੇ ਵਿਚਾਲੇ ਹੁਣ ਕਿਸਾਨ ਪ੍ਰਦਰਸ਼ਨ ਵਿੱਚ ਸ਼ਾਮਿਲ ਖੰਨਾ ਦੇ ਇਕੋਲਾਹਾ ਪਿੰਡ ਦੇ ਬਜ਼ੁਰਗ ਰਵਿੰਦਰਪਾਲ ਦੀ ਠੰਡ ਨਾਲ ਮੌਤ ਹੋ ਗਈ ਹੈ। ਰਵਿੰਦਰਪਾਲ ਬਾਰਡਰ ‘ਤੇ ਬੈਠੇ ਕਿਸਾਨਾਂ ਵਿੱਚ ਆਪਣੀਆਂ ਕਵਿਤਾਵਾਂ ਤੇ ਗਾਣਿਆਂ ਨਾਲ ਜੋਸ਼ ਭਰਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਰਵਿੰਦਰਪਾਲ ਲਗਭਗ 8 ਦਿਨਾਂ ਤੱਕ ਆਪਣੇ ਕੱਪੜਿਆਂ ‘ਤੇ ਜੋਸ਼ ਭਰਨ ਵਾਲੇ ਸਲੋਗਨ ਲਿਖ ਕੇ ਧਰਨੇ ਵਾਲੀ ਥਾਂ ‘ਤੇ ਘੁੰਮਦੇ ਰਹੇ। ਇੱਕ ਦਿਨ ਪਹਿਲਾਂ ਉਨ੍ਹਾਂ ਨੇ ਸਟੇਜ ‘ਤੇ ਚੜ੍ਹ ਕੇ ‘ਕਿਸਾਨਾਂ ਉੱਠ ਵੇ ਉੱਠਣ ਦਾ ਵੇਲਾ’ ਨਾਮ ਦਾ ਗੀਤ ਗਾ ਕੇ ਦਿੱਲੀ ਮੋਰਚੇ ਵਿੱਚ ਕਿਸਾਨਾਂ ਨੂੰ ਡਟਣ ਦਾ ਸੰਦੇਸ਼ ਦਿੱਤਾ ਸੀ। ਇਸ ਮੋਰਚੇ ਦੌਰਾਨ ਠੰਡ ਵੱਧਣ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਘਰ ਲੈ ਕੇ ਆਏ, ਪਰ ਘਰ ਪਹੁੰਚਦਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਟਿਕਰੀ ਬਾਰਡਰ ਤੋਂ ਵੀ ਕੁਝ ਦਿਨ ਪਹਿਲਾਂ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਈ ਸੀ, ਜਿੱਥੇ 29 ਨਵੰਬਰ ਦੀ ਰਾਤ ਨੂੰ ਆਪਣੇ ਹੱਕਾਂ ਲਈ ਲੜ ਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਘੁਲਾਲ ਟੋਲ ਮੋਰਚੇ ਤੋਂ ਦਿੱਲੀ ਗਏ ਹੋਏ ਇੱਕ ਹੋਰ ਕਿਸਾਨ ਸਰਦਾਰ ਗੱਜਣ ਸਿੰਘ(ਗੱਜਾ ਬਾਬਾ) ਪਿੰਡ ਖੱਟਰਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੀ ਮੌਤ ਹੋ ਗਈ ਸੀ । ਕਿਸਾਨ ਸਰਦਾਰ ਗੱਜਣ ਸਿੰਘ ਪਿੱਛਲੇ ਦੋ ਮਹੀਨਿਆਂ ਤੋਂ ਘੁਲਾਲ ਟੋਲ ਧਰਨੇ ‘ਤੇ ਆ ਰਹੇ ਸਨ, ਅਤੇ ਓਥੋਂ ਹੀ ਉਹ 24 ਤਰੀਕ ਤੋਂ ਵੱਡੇ ਕਾਫ਼ਲੇ ਦੇ ਨਾਲ਼ ਘੁਲਾਲ ਟੋਲ ਪਲਾਜ਼ੇ ਤੋਂ ਦਿੱਲੀ ਲਈ ਰਵਾਨਾਂ ਹੋਏ ਸਨ।
ਇਹ ਵੀ ਦੇਖੋ: ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ