China removes TripAdvisor: ਭਾਰਤ ਤੋਂ ਬਾਅਦ ਹੁਣ ਚੀਨ ਨੇ ਵੀ Digital Strike ਕੀਤੀ ਹੈ। ਨਿਊਜ਼ ਏਜੰਸੀ ਅਨੁਸਾਰ ਚੀਨੀ ਸਰਕਾਰ ਨੇ 105 ਐਪਸ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਚੀਨ ਵੱਲੋਂ ਅਮਰੀਕਾ ਸਣੇ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੀਆਂ ਮਸ਼ਹੂਰ ਐਪ ‘ਤੇ ਪਾਬੰਦੀ ਲਗਾ ਕੇ ਉਨ੍ਹਾਂ ਨੂੰ ਤੁਰੰਤ ਐਪ ਸਟੋਰ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ । ਦੱਸ ਦੇਈਏ ਕਿ ਇਸ ਸਾਲ ਭਾਰਤ ਨੇ ਤੀਜੀ ਵਾਰ ਚੀਨ ‘ਤੇ Digital Strike ਕੀਤੀ ਹੈ । ਇਸ ਵਾਰ ਕੇਂਦਰ ਸਰਕਾਰ ਨੇ 43 ਮੋਬਾਇਲ ਐਪਲੀਕੇਸ਼ਨਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਇਸ ਵਿਵਾਦ ਦੇ ਬਾਅਦ ਤੋਂ ਹੁਣ ਤੱਕ ਚੀਨ ਦੇ ਲਗਭਗ 220 ਚੀਨੀ ਮੋਬਾਇਲ ਐਪਸ ਨੂੰ ਭਾਰਤ ਵਿੱਚ ਬੈਨ ਕਰ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ TikTok, PUBG ਅਤੇ UC Browser ਵਰਗੀਆਂ ਪ੍ਰਸਿੱਧ ਐਪ ਸ਼ਾਮਿਲ ਹਨ।
ਦਰਅਸਲ, ਚੀਨ ਨੇ ਅਮਰੀਕਾ ਦੇ ਟ੍ਰੈਵਲ ਫਰਮ ਟ੍ਰਿਪ ਐਡਵਾਈਜ਼ਰ ਸਣੇ 104 ਐਪਸ ਨੂੰ App Store ਤੋਂ ਹਟਾ ਦਿੱਤਾ ਹੈ। ਨਿਊਜ਼ ਏਜੰਸੀ ਅਨੁਸਾਰ ਨਵੇਂ ਅਭਿਆਨ ਦੇ ਤਹਿਤ ਇਹ ਰੋਕ ਲਗਾਈ ਗਈ ਹੈ । ਇਨ੍ਹਾਂ ਐਪਸ ‘ਤੇ ਅਸ਼ਲੀਲ ਤਸਵੀਰਾਂ, ਜੂਆ ਖੇਡਣਾ ਅਤੇ ਹਿੰਸਾ ਵਰਗੀਆਂ ਸਮੱਗਰੀ ਫੈਲਾਉਣ ਦਾ ਦੋਸ਼ ਹੈ । ਚੀਨ ਦੇ ਸਾਈਬਰਸਪੇਸ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਆਪਣੀ ਵੈੱਬਸਾਈਟ ‘ਤੇ ਇੱਕ ਬਿਆਨ ਵਿੱਚ ਦੱਸਿਆ ਕਿ ਇਨ੍ਹਾਂ ਐਪਸ ਨੇ ਬਿਨ੍ਹਾਂ ਜਾਣਕਾਰੀ ਦਿੱਤੇ ਇੱਕ ਤੋਂ ਵੱਧ ਸਾਈਬਰ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।
ਦੱਸ ਦੇਈਏ ਕਿ ਭਾਰਤ ਸਰਕਾਰ ਨੇ ਜੂਨ 2020 ਵਿੱਚ TikTok ਸਣੇ 59 ਮੋਬਾਇਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਸੀ। ਇਸ ਤੋਂ ਇਲਾਵਾ 2 ਸਤੰਬਰ ਨੂੰ 110 ਹੋਰ ਐਪਲੀਕੇਸ਼ਨਾਂ ‘ਤੇ ਰੋਕ ਲਗਾਈ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਚੀਨ ਵੱਲੋਂ ਚਲਾਈਆਂ ਜਾਣ ਵਾਲੀਆਂ ਐਪਲੀਕੇਸ਼ਨਾਂ ਹਨ । ਇਨ੍ਹਾਂ ਵਿੱਚੋਂ ਬਹੁਤ ਸਾਰੇ ਐਪਸ ‘ਤੇ ਭਾਰਤੀ ਨਾਗਰਿਕਾਂ ਦੇ ਬਹੁਤ ਜ਼ਿਆਦਾ ਅੰਕੜੇ ਇਕੱਠੇ ਕਰਨ ਅਤੇ ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰੋਫਾਈਲਿੰਗ ਕਰਨ ਦੇ ਦੋਸ਼ ਲਗਾਏ ਗਏ ਸਨ।