Bhai Ghanayia Ji : ਸਿੱਖ ਇਤਿਹਾਸ ਵਿੱਚ ਜਦੋਂ ਕਦੇ ਸੇਵਾ ਦਾ ਜ਼ਿਕਰ ਚਲਦਾ ਹੈ ਤਾਂ ਭਾਈ ਘਨੱਈਆ ਦਾ ਨਾਂ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ। ਭਾਈ ਘਨੱਈਆ ਪਹਿਲਾਂ-ਪਹਿਲ ਸਿੱਖਾਂ ਦੇ ਸੱਤਵੇਂ ਗੁਰੂ, ਗੁਰੂ ਹਰਿ ਰਾਏ ਜੀ ਦੇ ਸੰਪਰਕ ਵਿਚ ਆਏ ਅਤੇ ਆਪਣੀ ਸੇਵਾ ਭਾਵਨਾ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਹੋ ਗਏ। ਉਨ੍ਹਾਂ ਨੇ ਖ਼ੁਦ ਨੂੰ ਵਿੱਚ ਇੱਕ ਹੋਰ ਪੰਥ ‘ਸੇਵਾ ਪੰਥ’ ਦੀ ਨੀਂਹ ਪਈ। ਭਾਈ ਘਨੱਈਆ ਦਾ ਜਨਮ 1648 ਵਿੱਚ ਸੋਧਰਾ ਕਸਬੇ (ਅਜੋਕੇ ਪਾਕਿਸਤਾਨ) ਵਿੱਚ ਹੋਇਆ ਸੀ। ਭਾਈ ਘਨੱਈਆ ਦਾ ਪਿਤਾ ਨੱਥੂ ਰਾਮ ਵਪਾਰੀ ਸੀ, ਜੋ ਸ਼ਾਹੀ ਫ਼ੌਜਾਂ ਨੂੰ ਰਸਦ ਅੱਪੜਦੀ ਕਰਦਾ ਸੀ। ਘਰ ਪੈਸੇ ਦੀ ਕਮੀ ਨਹੀਂ ਸੀ। ਭਾਈ ਘਨੱਈਆ ਚੜ੍ਹਦੀ ਉਮਰ ਤੋਂ ਹੀ ਸੰਸਾਰੀ ਹੋਣ ਦੀ ਬਜਾਏ ਸੇਵਾ, ਤਿਆਗ ਅਤੇ ਪ੍ਰਭੂ ਭਗਤੀ ਵੱਲ ਤੁਰ ਪਏ। ਘਰੋਂ ਮਿਲਣ ਵਾਲੇ ਪੈਸੇ ਸਾਧੂ, ਸੰਤਾਂ ਅਤੇ ਲੋੜਵੰਦਾਂ ਵਿੱਚ ਵੰਡ ਦਿੰਦੇ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਦੇ।
ਮਾਪਿਆਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੋੜਾ ਨਾ ਪਿਆ। ਥੱਕ ਹਾਰ ਕੇ ਉਨ੍ਹਾਂ ਨੇ ਘਰ ਵਿੱਚ ਹੀ ਇੱਕ ਕਮਰਾ ਪਾ ਦਿੱਤਾ, ਜਿੱਥੇ ਉਹ ਖ਼ੁਦ ਰਹਿੰਦੇ ਅਤੇ ਆਏ ਗਏ ਦੀ ਦੇਖ ਰੇਖ ਕਰਦੇ। ਖ਼ਰਚੇ ਦੇ ਸਾਰੇ ਪੈਸੇ ਘਰੋਂ ਹੀ ਮਿਲ ਜਾਂਦੇ। ਜਦੋਂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਪਹੁੰਚੇ ਤਾਂ ਭਾਈ ਘਨੱਈਆ ਨੇ ਉੱਥੇ ਪਹੁੰਚ ਕੇ ਸੰਗਤ ਦੀ ਸੇਵਾ ਆਰੰਭ ਦਿੱਤੀ। ਇਸ ਉਪਰੰਤ ਲੰਗਰ ਅਤੇ ਘੋੜਿਆ ਦੀ ਦੇਖ-ਭਾਲ ਵਿੱਚ ਰੁੱਝ ਗਏ। ਭਾਈ ਘਨੱਈਆ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਕਿਹਾ, “ਤੁਸੀਂ ਹੁਣ ਕਿਸੇ ਹੋਰ ਥਾਂ ਜਾ ਕੇ ਸੇਵਾ ਜਾਰੀ ਰੱਖੋ।” ਘਰ ਵੱਲ ਜਾਂਦਿਆ ਪਿਆਸ ਲੱਗਣ ਕਾਰਨ ਰਾਹ ਵਿੱਚ ਰੁਕਣਾ ਪਿਆ। ਜਿਸ ਕੋਲੋਂ ਪੀਣ ਵਾਸਤੇ ਪਾਣੀ ਮੰਗਿਆ ਉਸ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਇੱਥੇ ਪਾਣੀ ਦੀ ਕਿੱਲਤ ਹੈ। ਆਪਣੀ ਪਿਆਸ ਬੁਝਾਉਣ ਤੋਂ ਬਾਅਦ ਉਨ੍ਹਾਂ ਉੱਥੇ ਟਿਕੇ ਰਹਿਣ ਦਾ ਮਨ ਬਣਾ ਲਿਆ। ਉਹ ਥੋੜ੍ਹੀ ਵਿੱਥ ‘ਤੇ ਵਗਦੀ ਨਦੀ ਵਿਚੋਂ ਪਾਣੀ ਦਾ ਘੜਾ ਭਰ ਲਿਆਉਂਦੇ। ਉਨ੍ਹਾਂ ਵੱਲੋਂ ਪਿਆਸਿਆਂ ਨੂੰ ਜਲ ਛਕਾਉਣ ਦੀ ਕੀਰਤੀ ਸਮੇਂ ਨਾਲ ਦੂਰ ਦੂਰ ਤਕ ਫੈਲ ਗਈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੋਬਿੰਦ ਰਾਏ ਗੱਦੀ ‘ਤੇ ਬੈਠੇ।
1678 ਵਿੱਚ ਭਾਈ ਘਨੱਈਆ, ਗੁਰੂ ਗੋਬਿੰਦ ਰਾਏ ਜੀ ਪਾਸ ਆਨੰਦਪੁਰ ਆ ਗਏ। ਮੋਢੇ ‘ਤੇ ਲਮਕਦੀ ਮੁਸ਼ਕ ਜਾਂ ਸਿਰ ਉਪਰ ਰੱਖਿਆ ਘੜਾ ਉਨ੍ਹਾਂ ਦੀ ਨਿਸ਼ਾਨੀ ਸੀ। ਛੇਤੀ ਹੀ ਆਨੰਦਪੁਰ ਦੀ ਧਰਤੀ ਜੰਗ ਦੇ ਮੈਦਾਨ ਵਿੱਚ ਬਦਲ ਗਈ। ਇੱਕ ਪਾਸੇ ਸ਼ਸਤਰਾਂ ਦੇ ਆਪਸ ਵਿੱਚ ਭਿੜਨ ਅਤੇ ਜ਼ਖ਼ਮੀ ਸਿਪਾਹੀਆਂ ਦੀਆਂ ਦਰਦੀਲੀਆਂ ਆਵਾਜ਼ਾਂ ਸਨ ਤਾਂ ਦੂਜੇ ਪਾਸੇ ਉਸ ਦੁਆਲੇ ਨੂੰ ਚੀਰ ਕੇ ਮਸ਼ਕ ਵਿੱਚੋਂ ਨਿਕਲਦੇ ਪਾਣੀ ਦੀ ਕਲ-ਕਲ ਦੀ ਆਵਾਜ਼ ਸੁਣਨ ਨੂੰ ਮਿਲਣ ਲੱਗੀ। ਬਿਨਾਂ ਭਿੰਨ-ਭੇਦ ਕੀਤਿਆਂ ਭਾਈ ਘਨੱਈਆ ਦੀ ਜਲ ਸੇਵਾ ਕਈ ਸਿੱਖਾਂ ਨੂੰ ਚੰਗੀ ਨਾ ਲੱਗੀ। ਗੁਰੂ ਜੀ ਨੇ ਸ਼ਿਕਾਇਤ ਦੇ ਨਿਪਟਾਰੇ ਲਈ ਭਾਈ ਘਨੱਈਆ ਨੂੰ ਬੁਲਾਇਆ। ਉਨ੍ਹਾਂ ਨੇ ਸਭ ਸਾਹਮਣੇ ਕਿਹਾ, “ਗੁਰੂ ਸਾਹਿਬ, ਮੈਨੂੰ ਮੈਦਾਨੇ ਜੰਗ ਵਿੱਚ ਕੋਈ ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ ਦਿੱਸਦਾ।
ਮੈਨੂੰ ਤਾਂ ਸਭਨਾਂ ਵਿੱਚੋਂ ਤੁਸੀਂ ਨਜ਼ਰ ਆਉਂਦੇ ਹੋ। ਮੈਂ ਤਾਂ ਤੁਹਾਨੂੰ ਪਾਣੀ ਪਿਲਾਉਂਦਾ ਹਾਂ।” ਇਹ ਵਿਚਾਰ ਸੁਣ ਕੇ ਗੁਰੂ ਜੀ ਪ੍ਰਸੰਨ ਹੋਏ। ਉਨ੍ਹਾਂ ਨੇ ਭਾਈ ਘਨੱਈਆ ਨੂੰ ਮੱਲ੍ਹਮ ਬਖ਼ਸ਼ਦਿਆਂ ਕਿਹਾ, “ਹੁਣ ਤੁਸੀਂ ਪਾਣੀ ਪਿਲਾਉਣ ਦੇ ਨਾਲ ਨਾਲ ਜ਼ਖ਼ਮੀਆਂ ਦੁ ਜ਼ਖ਼ਮਾਂ ‘ਤੇ ਮੱਲ੍ਹਮ ਵੀ ਲਗਾ ਦਿਆ ਕਰੋ।” ਸਿੱਖ ਦੇ ਵਿਹਾਰ ਨੂੰ ਗੁਰੂ ਜੀ ਦੀ ਸਹਿਮਤੀ ਮਿਲਣ ਉਪਰੰਤ ਇਹ ਸਿੱਖੀ ਦਾ ਨੇਮ ਬਣ ਗਿਆ ਕਿ ਹਰ ਗੁਰਸਿੱਖ ਇਸੇ ਲੀਹ ਤੁਰੇ ਤੇ ਸੇਵਾ ‘ਚ ਹੀ ਆਪਣਾ ਜੀਵਨ ਬਤੀਤ ਕੀਤਾ।