Farmer protest anna hazare said: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 16 ਵੇਂ ਦਿਨ ਵੀ ਜਾਰੀ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਵੀਰਵਾਰ ਨੂੰ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕਿਸਾਨਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਵਿਰੁੱਧ ਇੱਕ ਵਿਸ਼ਾਲ ਅੰਦੋਲਨ ਸ਼ੁਰੂ ਕਰਨਗੇ। 83 ਸਾਲਾ ਅੰਨਾ ਹਜ਼ਾਰੇ ਨੇ ਕਿਹਾ, “ਲੋਕਪਾਲ ਲਹਿਰ ਨੇ ਉਸ ਸਮੇਂ ਦੀ ਕਾਂਗਰਸ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੈਂ ਉਸੇ ਤਰਜ਼ ‘ਤੇ ਕਿਸਾਨਾਂ ਦੇ ਵਿਰੋਧ ਨੂੰ ਵੇਖਦਾ ਹਾਂ। ਭਾਰਤ ਬੰਦ ਦੇ ਦਿਨ, ਮੈਂ ਆਪਣੇ ਪਿੰਡ ਰਾਲੇਗਣ-ਸਿੱਧੀ ਵਿੱਚ ਇੱਕ ਸੰਗਠਨ ਦਾ ਆਯੋਜਨ ਕੀਤਾ ਸੀ। ਮੈਂ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਦਿਨ ਦਾ ਵਰਤ ਵੀ ਰੱਖਿਆ ਸੀ।”
ਅੰਨਾ ਨੇ ਕਿਹਾ, “ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਮੈਂ ਇੱਕ ਵਾਰ ਫਿਰ ‘ਜਨ ਅੰਦੋਲਨ’ ਲਈ ਬੈਠਾਂਗਾ, ਜੋ ਲੋਕਪਾਲ ਅੰਦੋਲਨ ਵਾਂਗ ਹੀ ਹੋਵੇਗਾ।” ਦੇਸ਼ ਵਿੱਚ ਕਿਸਾਨਾਂ ਦੇ ਮਹੱਤਵਪੂਰਣ ਯੋਗਦਾਨ ਬਾਰੇ ਗੱਲ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ, “ਅਜਿਹੇ ਕਿਸੇ ਵੀ ਦੇਸ਼ ਵਿੱਚ ਕਿਸਾਨਾ ਵਿਰੁੱਧ ਕਾਨੂੰਨ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ, ਜਿਹੜਾ ਦੇਸ਼ ਖੇਤੀਬਾੜੀ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਦੇ ਖਿਲਾਫ ਅੰਦੋਲਨ ਬਹੁਤ ਜਰੂਰੀ ਹੈ।” ਹਜ਼ਾਰਾਂ ਕਿਸਾਨ ਪਿੱਛਲੇ ਕੁੱਝ ਮਹੀਨਿਆਂ ਤੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੂੰ ਡਰ ਹੈ ਕਿ ਨਵੇਂ ਕਾਨੂੰਨ ਦੀ ਆੜ ਹੇਠ ਉਨ੍ਹਾਂ ਦੀਆਂ ਫਸਲਾਂ ਨਿੱਜੀ ਖੇਤਰ ਦੁਆਰਾ ਘੱਟ ਕੀਮਤ ’ਤੇ ਖ਼ਰੀਦੀਆਂ ਜਾਣਗੀਆਂ।