Rahul gandhi says: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 16 ਵੇਂ ਦਿਨ ਵੀ ਜਾਰੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਈ ਕਿਸਾਨ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਬਰਾਬਰ ਆਮਦਨੀ ਚਾਹੁੰਦੇ ਹਨ, ਪਰ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਉਨ੍ਹਾਂ ਦੀ ਆਮਦਨ ਵੀ ਬਿਹਾਰ ਦੇ ਕਿਸਾਨਾਂ ਦੇ ਬਰਾਬਰ ਹੋ ਜਾਵੇ।
ਵੱਖ-ਵੱਖ ਰਾਜਾਂ ਵਿੱਚ ਪ੍ਰਤੀ ਕਿਸਾਨ ਔਸਤਨ ਆਮਦਨੀ ਨਾਲ ਸਬੰਧਿਤ ਗ੍ਰਾਫ ਸਾਂਝਾ ਕਰਦਿਆਂ ਉਨ੍ਹਾਂ ਟਵੀਟ ਕੀਤਾ, “ਕਿਸਾਨ ਚਾਹੁੰਦਾ ਹੈ ਕਿ ਉਨ੍ਹਾਂ ਦੀ ਆਮਦਨੀ ਓਨੀ ਹੀ ਹੋਵੇ ਜਿੰਨੀ ਪੰਜਾਬ ਦੇ ਕਿਸਾਨਾਂ ਦੀ ਹੈ। ਮੋਦੀ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਜਿੰਨੀ ਹੋ ਜਾਵੇ।” ਕਾਂਗਰਸੀ ਆਗੂ ਦੁਆਰਾ ਸਾਂਝੇ ਕੀਤੇ ਗ੍ਰਾਫ ਦੇ ਅਨੁਸਾਰ, ਪੰਜਾਬ ਵਿੱਚ ਪ੍ਰਤੀ ਕਿਸਾਨ ਔਸਤਨ ਆਮਦਨ 2,16,708 ਰੁਪਏ (ਸਾਲਾਨਾ) ਹੈ ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਹ ਗ੍ਰਾਫ ਇਹ ਵੀ ਦਰਸਾਉਂਦਾ ਹੈ ਕਿ ਬਿਹਾਰ ਵਿੱਚ ਪ੍ਰਤੀ ਕਿਸਾਨ ਔਸਤਨ ਆਮਦਨ 42,684 ਰੁਪਏ (ਸਾਲਾਨਾ) ਹੈ, ਜੋ ਦੇਸ਼ ਦੇ ਕਈ ਰਾਜਾਂ ਨਾਲੋਂ ਬਹੁਤ ਘੱਟ ਹੈ। ਦੱਸ ਦੇਈਏ ਕਿ ਹੁਣ 12 ਦਸੰਬਰ ਨੂੰ ਦੇਸ਼ ਭਰ ਵਿੱਚ ਟੋਲ ਪਲਾਜ਼ੇ ਮੁਫਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਕਿ 14 ਦਸੰਬਰ ਨੂੰ ਦੇਸ਼ ਭਰ ਦੇ ਭਾਜਪਾ ਨੇਤਾਵਾਂ ਦੀ ਘੇਰਾਬੰਦੀ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਇੰਨਾ ਹੀ ਨਹੀਂ, ਸਰਕਾਰ ‘ਤੇ ਦਬਾਅ ਵਧਾਉਣ ਲਈ, ਕਿਸਾਨ ਜੱਥੇਬੰਦੀਆਂ ਨੇ 12 ਦਸੰਬਰ ਤੋਂ ਦਿੱਲੀ ਦੀ ਘੇਰਾਬੰਦੀ ਵਧਾਉਣ ਦੀ ਚੇਤਾਵਨੀ ਵੀ ਦਿੱਤੀ ਹੈ।
ਇਹ ਵੀ ਦੇਖੋ : ਕੀ ਏਨਾਂ ਬਾਡੀ ਬਿਲਡਰ ਨੌਜਵਾਨਾਂ ਦੇ ਜ਼ੋਰ ਤੇ ਜੋਸ਼ ਨੂੰ ਨੱਥ ਪਾ ਲਊ ਮੋਦੀ ਸਰਕਾਰ