Rahul Gandhi asks Centre: ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲਗਾਤਾਰ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ, ਜਦਕਿ ਸਰਕਾਰ ਵੀ ਪਿੱਛੇ ਹੱਟਣ ਦੇ ਮੂਡ ਵਿੱਚ ਨਹੀਂ ਹੈ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 17ਵੇਂ ਦਿਨ ਵੀ ਜਾਰੀ ਹੈ । ਇਸੇ ਵਿਚਾਲੇ ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਦਿਨਾਂ ਵਿੱਚ 11 ਕਿਸਾਨਾਂ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਦਾ ਦਿਲ ਨਹੀਂ ਪਸੀਜਿਆ । ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ, “ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਲਈ ਸਾਡੇ ਕਿਸਾਨ ਭਰਾਵਾਂ ਨੂੰ ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ?”
ਉੱਥੇ ਹੀ ਦੂਜੇ ਪਾਸੇ ਇਸੇ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਦਾਅਵਾ ਕੀਤਾ, “ਪਿਛਲੇ 17 ਦਿਨਾਂ ਵਿੱਚ 11 ਕਿਸਾਨ ਭਰਾਵਾਂ ਦੀ ਸ਼ਹਾਦਤ ਦੇ ਬਾਵਜੂਦ ਨਿਰੰਕੁਸ਼ ਮੋਦੀ ਸਰਕਾਰ ਦਾ ਦਿਲ ਨਹੀਂ ਪਸੀਜਿਆ । ਸਰਕਾਰ ਅਜੇ ਵੀ ਅੰਨਦਾਤਿਆਂ ਨਾਲ ਨਹੀਂ, ਆਪਣੇ ਧੰਨਦਾਤਿਆਂ ਦੇ ਨਾਲ ਕਿਉਂ ਖੜ੍ਹੀ ਹੈ? ਦੇਸ਼ ਜਾਣਨਾ ਚਾਹੁੰਦਾ ਹੈ- ‘ਰਾਜਧਰਮ’ ਵੱਡਾ ਹੈ ਜਾਂ ‘ਰਾਜਹਠ’?”
ਦਰਅਸਲ, ਦੋਵੇਂ ਕਾਂਗਰਸੀ ਨੇਤਾਵਾਂ ਨੇ ਜਿਸ ਖਬਰ ਹਵਾਲਾ ਦਿੱਤਾ ਹੈ ਉਸ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ 11 ਕਿਸਾਨਾਂ ਦੀ ਬੀਮਾਰ ਹੋਣ ਤੋਂ ਬਾਅਦ ਮੌਤ ਹੋ ਗਈ ਹੈ । ਸਰਕਾਰ ਨੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਉਨ੍ਹਾਂ ਦੇ ਪਲੇਟਫਾਰਮ ਦੀ ਦੁਰਵਰਤੋਂ ਨਾ ਹੋਣ ਦੇਣ ਲਈ ਸੁਚੇਤ ਰਹਿਣ ਲਈ ਕਿਹਾ । ਇਹ ਵੀ ਕਿਹਾ ਕਿ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ, ਪਰ ਕੁਝ ‘ਸਮਾਜ ਵਿਰੋਧੀ, ਖੱਬੇਪੱਖੀ ਅਤੇ ਮਾਓਵਾਦੀ’ ਤੱਤ ਅੰਦੋਲਨ ਦੇ ਮਾਹੌਲ ਨੂੰ ਵਿਗਾੜਨ ਦੀ ਸਾਜਿਸ਼ ਰਚ ਰਹੇ ਹਨ।
ਦੱਸ ਦੇਈਏ ਕਿ ਕਿਸਾਨ ਅੰਦੋਲਨ ‘ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ, “ਕਿਸਾਨ ਯੂਨੀਅਨਾਂ ਨੂੰ ਇੱਕ ਮਤਾ ਭੇਜਿਆ ਗਿਆ ਹੈ ਤਾਂ ਜੋ ਕਿਸਾਨਾਂ ਦੇ ਇਤਰਾਜ਼ਾਂ ਦਾ ਹੱਲ ਕੀਤਾ ਜਾ ਸਕੇ ਅਤੇ ਸਰਕਾਰ ਇਸ ‘ਤੇ ਹੋਰ ਵਿਚਾਰ ਵਟਾਂਦਰੇ ਲਈ ਤਿਆਰ ਹੈ ।” ਇਸ ਦੇ ਨਾਲ ਹੀ ਰੇਲਵੇ ਅਤੇ ਖਪਤਕਾਰ ਮਾਮਲੇ ਮੰਤਰੀ ਪਿਯੂਸ਼ ਗੋਇਲ ਨੇ ਇੱਕ ਹੋਰ ਸਪੱਸ਼ਟ ਦੋਸ਼ ਲਗਾਇਆ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੁਝ ਮਾਓਵਾਦੀ ਅਤੇ ਖੱਬੇਪੱਖੀ ਅਨਸਰਾਂ ਨੇ ਅੰਦੋਲਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਦੇਖੋ: ਇਸ ਸਿੱਖ ਵਿਗਿਆਨੀ ਨੇ ਐਨ ਮੌਕੇ ‘ਤੇ ਸਟੇਜ ‘ਤੇ ਪਹੁੰਚ ਕੇ ਨਕਾਰ ਦਿੱਤਾ ਐਨਾ ਵੱਡਾ ਅਵਾਰਡ